ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਅਕਤੂਬਰ
ਪੰਜਾਬ ਪੁਲੀਸ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਇੱਕ ਕੈਦੀ ਵੀ ਸ਼ਾਮਲ ਹੈ। ਇਨ੍ਹਾਂ ਕੋਲੋਂ 10 ਵਿਦੇਸ਼ੀ ਪਿਸਤੌਲ ਤੇ ਮੈਗਜ਼ੀਨ ਆਦਿ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਸ਼ਨਾਖ਼ਤ ਜਸਕਰਨ ਸਿੰਘ ਵਾਸੀ ਭਿੱਖੀਵਿੰਡ ਜੋ ਇਸ ਵੇਲੇ ਗੋਇੰਦਵਾਲ ਦੀ ਸਬ ਜੇਲ੍ਹ ਵਿੱਚ ਬੰਦ ਹੈ ਅਤੇ ਰਤਨਬੀਰ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ। ਇਹ ਵੀ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਹੋਇਆ ਹੈ। ਇਨ੍ਹਾਂ ਕੋਲੋਂ ਦਸ ਵਿਦੇਸ਼ੀ ਪਿਸਤੌਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਅੱਠ ਮੈਗਜ਼ੀਨ ਤੇ ਮੋਬਾਈਲ ਫੋਨ ਆਦਿ ਬਰਾਮਦ ਹੋਏ ਹਨ।
ਇਸ ਸਬੰਧੀ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਏਆਈਜੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਐੱਨਡੀਪੀਐੱਸ ਐਕਟ ਹੇਠ ਗ੍ਰਿਫ਼ਤਾਰ ਜਸਕਰਨ ਸਿੰਘ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਪੜਤਾਲ ਵਾਸਤੇ ਲਿਆਂਦਾ ਗਿਆ ਸੀ। ਇਸ ਦੌਰਾਨ ਖ਼ੁਲਾਸਾ ਹੋਇਆ ਕਿ ਉਸ ਵੱਲੋਂ ਜੇਲ੍ਹ ਵਿੱਚ ਮੋਬਾਈਲ ਫੋਨ ਲੁਕਾ ਕੇ ਰੱਖਿਆ ਹੋਇਆ ਸੀ। ਇਸ ਨਾਲ ਉਹ ਪਾਕਿਸਤਾਨੀ ਤਸਕਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰ ਕੇ ਤਸਕਰੀ ਕਰਦਾ ਸੀ। ਡਰੋਨ ਰਾਹੀਂ ਸੁੱਟੀ ਖੇਪ ਨੂੰ ਰਤਨਬੀਰ ਪ੍ਰਾਪਤ ਕਰ ਲੈਂਦਾ ਸੀ। ਜਸਕਰਨ ਕੋਲੋਂ ਕੀਤੀ ਪੜਤਾਲ ਤੋਂ ਬਾਅਦ ਤਰਨ ਤਾਰਨ-ਫ਼ਿਰੋਜ਼ਪੁਰ ਰੋਡ ’ਤੇ ਪਿੰਡ ਪਿੱਦੀ ’ਚੋਂ ਪੰਜ ਪਿਸਤੌਲ ਬਰਾਮਦ ਕੀਤੇ ਹਨ। ਇਸ ਮਗਰੋਂ ਪੁਲੀਸ ਨੇ ਰਤਨਬੀਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ ’ਤੇ ਪਿੰਡ ਮਾਛੀਕੇ ਵਿਚ ਛੁਪਾਏ ਪੰਜ ਹੋਰ ਪਿਸਤੌਲ ਬਰਾਮਦ ਕੀਤੇ ਹਨ। ਦੋਵਾਂ ਕੋਲੋਂ ਚਾਰ-ਚਾਰ ਮੈਗਜ਼ੀਨ ਵੀ ਬਰਾਮਦ ਹੋਏ ਹਨ। ਪੁਲੀਸ ਨੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਅੰਮ੍ਰਿਤਸਰ ਸਥਿਤ ਥਾਣੇ ਵਿਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਰਹੱਦ ਤੋਂ ਡੇਢ ਕਿਲੋ ਹੈਰੋਇਨ ਅਤੇ 50 ਕਾਰਤੂਸ ਬਰਾਮਦ
ਅਟਾਰੀ (ਪੱਤਰ ਪ੍ਰੇਰਕ): ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਸਰਹੱਦੀ ਚੌਕੀ ਭਰੋਭਾਲ ਕੋਲੋਂ ਡੇਢ ਕਿਲੋ ਹੈਰੋਇਨ (ਦੋ ਪੈਕੇਟ) ਅਤੇ ਨੌਂ ਐੱਮਐੱਮ ਦੇ 50 ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ’ਤੇ ਬੀਤੀ ਰਾਤ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਨੂੰ ਭਾਰਤ-ਪਾਕਿਸਤਾਨ ਦਰਮਿਆਨ ਲੱਗੀ ਕੰਡਿਆਲੀ ਤਾਰ ਨੇੜੇ ਇੱਕ ਸਰਚ ਅਪਰੇਸ਼ਨ ਦੌਰਾਨ ਇਹ ਦੋ ਪੈਕੇਟ ਬਰਾਮਦ ਹੋਏ। ਸੀਮਾ ਸੁਰੱਖਿਆ ਬਲ ਵੱਲੋਂ ਜਦੋਂ ਇਨ੍ਹਾਂ ਪੈਕੇਟਾਂ ਦੀ ਜਾਂਚ ਕੀਤੀ ਗਈ ਤਾਂ ਇੱਕ ਵਿੱਚੋਂ ਹੈਰੋਇਨ ਤੇ ਦੂਜੇ ਪੈਕੇਟ ਵਿੱਚੋਂ ਹੈਰੋਇਨ ਸਣੇ ਨੌਂ ਐੱਮਐੱਮ ਦੇ 50 ਕਾਰਤੂਸ ਬਰਾਮਦ ਕੀਤੇ ਗਏ। ਦੋਵਾਂ ਪੈਕੇਟਾਂ ਵਿੱਚੋਂ ਡੇਢ ਕਿਲੋ ਹੈਰੋਇਨ ਬਰਾਮਦ ਹੋਈ। ਸੀਮਾ ਸਰੱਖਿਆ ਬਲ ਨੇ ਹੈਰੋਇਨ ਨੂੰ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।