ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 17 ਨਵੰਬਰ
ਥਾਣਾ ਸਰਹਿੰਦ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਮੋਟਰਾਂ ਦੀ ਤਾਰ ਅਤੇ ਤਾਰਾਂ ਕੱਟਣ ਵਾਲੇ ਕਟਰ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਗੱਜਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜਲਵੇੜਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਬੀਤੇ ਦਿਨ ਉਸ ਦੇ ਖੇਤਾਂ ਕੋਲ ਦੋ ਨੌਜਵਾਨ ਮੋਟਰਸਾਈਕਲ ਨੰਬਰ ਪੀਬੀ-23 ਕੇ-6957 ’ਤੇ ਘੁੰਮ ਰਹੇ ਸਨ। ਉਨ੍ਹਾਂ ਕੋਲ ਮੋਟਰਾਂ ਵਾਲੀ ਕੇਬਲ ਦੇ ਦੋ ਟੁਕੜੇ ਸਨ ਜਿਨ੍ਹਾਂ ਨੂੰ ਖੇਤਾਂ ਵਿੱਚ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਮੋਟਰਸਾਈਕਲ ਸਣੇ ਫ਼ਰਾਰ ਹੋ ਗਏ ਅਤੇ ਦੂਜੇ ਦਿਨ ਫਿਰ ਉਹ ਖੇਤਾਂ ਨੇੜੇ ਘੁੰਮ ਰਹੇ ਸਨ। ਉਸ ਦੇ ਭਰਾ ਜਸਵਿੰਦਰ ਸਿੰਘ ਨੇ ਸ਼ੱਕ ਹੋਣ ’ਤੇ ਨੌਜਵਾਨਾਂ ਨੂੰ ਰੋਕ ਲਿਆ। ਇਸ ਦੌਰਾਨ ਨੌਜਵਾਨ ਬੁਰਾ-ਭਲਾ ਬੋਲਣ ਲੱਗੇ। ਉਨ੍ਹਾਂ ਕਿਹਾ ਕਿ ਉਹ ਤਾਂ ਖੇਤਾਂ ਵਿੱਚੋਂ ਗੋਹ ਫੜਨ ਆਏ ਹਨ। ਜਸਵਿੰਦਰ ਨੇ ਜਦੋਂ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਗਗਨ ਪੁੱਤਰ ਨਿਹਾਲ ਚੰਦ ਅਤੇ ਕਰਮਾ ਪੁੱਤਰ ਫੌਜੀ ਵਾਸੀ ਬ੍ਰਾਹਮਣ ਮਾਜਰਾ ਸਰਹਿੰਦ ਦੱਸਿਆ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਕੋਲੋਂ ਤਾਰ ਅਤੇ ਤਾਰ ਕੱਟਣ ਵਾਲਾ ਕਟਰ ਬਰਾਮਦ ਕੀਤਾ। ਪੁਲੀਸ ਨੇ ਮੁਲਜ਼ਮਾਂ ਨੂੰ ਫ਼ਤਹਿਗੜ੍ਹ ਸਾਹਿਬ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤਹਿਤ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਹੈ।