ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜੁਲਾਈ
ਇੱਥੋਂ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਅੱਜ ਦੋ ਬੱਚੀਆਂ ਦੇ ਭਰੂਣ ਮਿਲੇ ਹਨ ਜਿਨ੍ਹਾਂ ਨੂੰ ਕੁੱਤੇ ਨੋਚ ਰਹੇ ਸਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁਝ ਲੋਕਾਂ ਨੇ ਹਸਪਤਾਲ ਦੇ ਪਾਰਕਿੰਗ ਖੇਤਰ ਨੇੜੇ ਕੁੱਤਿਆਂ ਨੂੰ ਇਕ ਬੱਚੇ ਦਾ ਭਰੂਣ ਨੋਚਦਿਆਂ ਵੇਖਿਆ। ਉਨ੍ਹਾਂ ਇਸ ਸਬੰਧੀ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਅੱਗੇ ਹਸਪਤਾਲ ਪ੍ਰਸਾਸ਼ਨ ਅਤੇ ਪੁਲੀਸ ਨੂੰ ਸੂਚਿਤ ਕੀਤਾ। ਇਹ ਭਰੂਣ ਪਾਰਕਿੰਗ ਖੇਤਰ ਅਤੇ ਨਵ-ਉਸਾਰੀ ਵਾਲੀ ਇਮਾਰਤ ਦੇ ਖੇਤਰ ਵਿੱਚੋਂ ਮਿਲੇ ਹਨ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇਡੀ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਭਰੂਣ ਬੱਚੀਆਂ ਦੇ ਹਨ। ਮਜੀਠਾ ਰੋਡ ਪੁਲੀਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।