ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਸ਼ਹਿਰ ਦੇ ਰਾਘੋਮਾਜਰਾ ਖੇਤਰ ’ਚ ਇੱਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਜਦਕਿ ਇਨ੍ਹਾਂ ਦੇ ਹੀ ਇੱਕ ਹੋਰ ਭਰਾ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਤੋਂ ਇਥੇ ਆ ਕੇ ਮਜ਼ਦੂਰੀ ਕਰਨ ਵਾਲੇ ਇਹ ਪੰਜ ਮੈਂਬਰ ਕਿਰਾਏ ਦੇ ਇਕ ਮਕਾਨ ’ਚ ਰਹਿ ਰਹੇ ਸਨ। ਪਤਾ ਲੱਗਾ ਹੈ ਕਿ ਪਿਛਲੇ ਹਫ਼ਤੇ ਪਏ ਭਰਵੇਂ ਮੀਂਹ ਦੌਰਾਨ ਇਸ ਕਮਰੇ ਦੀ ਗਾਰਡਰ ਅਤੇ ਬਾਲਿਆਂ ਵਾਲੀ ਛੱਤ ਪੋਲੀ ਹੋ ਗਈ ਸੀ, ਜੋ ਲੰਘੀ ਰਾਤ ਡਿੱਗ ਗਈ। ਇਸ ਘਟਨਾ ਵਿੱਚ ਛੱਤ ਦੇ ਮਲਬੇ ਹੇਠਾਂ ਦਬਣ ਅਤੇ ਸੱਟਾਂ ਵੱਜਣ ਕਾਰਨ ਦੋ ਭਰਾਵਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਗਿੱਲ ਤੇ ਸਬੰਧਤ ਥਾਣਾ ਡਿਵੀਜ਼ਨ ਨੰਬਰ-2 ਦੇ ਐਸ.ਐਚ.ਓ ਮਨਜੀਤ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁੰਨਾ ਲਾਲ (35) ਅਤੇ ਰਮਾ ਸ਼ੰਕਰ (45) ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਇਨ੍ਹਾਂ ਦੇ ਭਰਾ ਚਿਰੰਜੀ ਲਾਲ ਸਮੇਤ ਗੰਗਾ ਰਾਮ ਅਤੇ ਸੰਤੋਸ਼ ਦੇ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਪੋਸਟ ਮਾਰਟਮ ਮਗਰੋਂ ਦੇਹਾਂ ਇਨ੍ਹਾਂ ਦੇ ਭਰਾ ਚਿਰੰਜੀ ਲਾਲ ਤੇ ਸਾਥੀਆਂ ਨੂੰ ਸੌਂਪ ਦਿਤੀਆਂ ਹਨ। ਇਸੇ ਦੌਰਾਨ ਹਲਕਾ ਵਿਧਾਇਕ ਅਜੀਤਪਾਲ ਕੋਹਲੀ, ਸਾਬਕਾ ਮੇਅਰ ਅਮਰਿੰਦਰ ਬਜਾਜ ਤੇ ਸੰਜੀਵ ਬਿੱਟੂ ਵੀ ਮੌਤਾਂ ’ਤੇ ਪਰਿਵਾਰ ਨਾਲ ਦੁੱਖ ਜ਼ਾਹਿਰ ਕੀਤਾ।