ਸੰਜੀਵ ਹਾਂਡਾ
ਫ਼ਿਰੋਜ਼ਪੁਰ, 2 ਨਵੰਬਰ
ਸਰਹੱਦੀ ਪਿੰਡ ਨਵਾਂ ਬਾਰੇ ਕੇ ਵਿੱਚ ਸਥਿਤ ਇੱਕ ਪੁਰਾਣੀ ਹਵੇਲੀ ਦੇ ਝਗੜੇ ਦੌਰਾਨ ਦੋ ਧਿਰਾਂ ਨੇ ਇੱਕ-ਦੂਜੇ ’ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਇੱਕ ਧਿਰ ਦੇ ਦੋ ਸਕੇ ਭਰਾਵਾਂ ਬਖਸ਼ੀਸ਼ ਸਿੰਘ ਤੇ ਕਾਬਲ ਸਿੰਘ ਦੀ ਮੌਤ ਹੋ ਗਈ ਤੇ ਰਸ਼ਪਾਲ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇਸੇ ਤਰ੍ਹਾਂ ਦੂਜੀ ਧਿਰ ਦੇ ਦੋ ਜਣੇ ਗੁਰਦੀਪ ਸਿੰਘ ਤੇ ਜਰਨੈਲ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਦੇਣ ਮਗਰੋਂ ਫਰੀਦਕੋਟ ਵਿੱਚ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੌਣੇ ਦੋ ਕਨਾਲ ਦੀ ਇੱਕ ਹਵੇਲੀ ਦਾ ਦੋ ਧਿਰਾਂ ਵਿਚਾਲੇ ਪੁਰਾਣਾ ਝਗੜਾ ਚੱਲ ਰਿਹਾ ਸੀ। ਬਖ਼ਸ਼ੀਸ਼ ਸਿੰਘ ਅਤੇ ਕਾਬਲ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਉਹ ਜਰਨੈਲ ਸਿੰਘ ਨਾਲ ਗੱਲਬਾਤ ਕਰਨ ਲਈ ਹਵੇਲੀ ਜਾ ਰਹੇ ਸਨ। ਜਿਵੇਂ ਹੀ ਉਹ ਹਵੇਲੀ ਅੰਦਰ ਵੜੇ ਤਾਂ ਅੱਗੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦਰਅਸਲ ਜਰਨੈਲ ਸਿੰਘ ਧਿਰ ਦੇ ਵਿਅਕਤੀਆਂ ਨੂੰ ਪਹਿਲਾਂ ਤੋਂ ਭਿਣਕ ਲੱਗ ਗਈ ਸੀ ਕਿ ਬਖ਼ਸ਼ੀਸ਼ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਹਵੇਲੀ ਦੇ ਰੌਲੇ ਵਾਲੇ ਹਿੱਸੇ ’ਤੇ ਕਬਜ਼ਾ ਕਰਨ ਆਵੇਗਾ, ਜਿਸ ਕਰਕੇ ਉਹ ਪਹਿਲਾਂ ਤੋਂ ਹੀ ਸਾਰੀ ਤਿਆਰੀ ਕਰ ਕੇ ਬੈਠੇ ਸਨ। ਪੁਲੀਸ ਨੇ ਜਰਨੈਲ ਸਿੰਘ ਧਿਰ ਦੇ ਦੋ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।