ਸੰਜੀਵ ਹਾਂਡਾ
ਫ਼ਿਰੋਜ਼ਪੁਰ, 2 ਨਵੰਬਰ
ਸਰਹੱਦੀ ਪਿੰਡ ਨਵਾਂ ਬਾਰੇਕੇ ਵਿਚਲੀ ਪੁਰਾਣੀ ਹਵੇਲੀ ਦੇ ਝਗੜੇ ਨੂੰ ਲੈ ਕੇ ਅੱਜ ਤੜਕਸਾਰ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ ਤੇ ਗੋਲੀਆਂ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਖ਼ਸ਼ੀਸ਼ ਸਿੰਘ ਅਤੇ ਕਾਬਲ ਸਿੰਘ ਵਜੋਂ ਹੋਈ ਹੈ। ਬਖ਼ਸ਼ੀਸ਼ ਸਿੰਘ ਖੇਤੀ ਦੇ ਨਾਲ-ਨਾਲ ਆੜ੍ਹਤ ਦਾ ਕੰਮ ਵੀ ਕਰਦਾ ਸੀ। ਇਹ ਵਾਰਦਾਤ ਅੱਜ ਸਵੇਰੇ ਪੰਜ ਵਜੇ ਹੋਈ ਦੱਸੀ ਜਾਂਦੀ ਹੈ। ਦੂਜੀ ਧਿਰ ਦੇ ਜ਼ਖ਼ਮੀ ਹੋਏ ਵਿਅਕਤੀਆਂ ਦਾ ਨਾਮ ਗੁਰਦੀਪ ਸਿੰਘ ਅਤੇ ਜਰਨੈਲ ਸਿੰਘ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਇਥੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਨਵਾਂ ਬਾਰੇਕੇ ਪਿੰਡ ਵਿਚ ਸਥਿਤ ਪੌਣੇ ਦੋ ਕਨਾਲ ਦੀ ਇੱਕ ਹਵੇਲੀ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਪੁਰਾਣਾ ਝਗੜਾ ਚੱਲਿਆ ਆ ਰਿਹਾ ਸੀ ਜਿਸ ਨੂੰ ਲੈ ਕੇ ਅੱਜ ਇੱਕ ਵਾਰ ਫ਼ਿਰ ਝਗੜਾ ਹੋਇਆ ਤੇ ਗੋਲੀਆਂ ਚੱਲਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ।