ਦੇਵਿੰਦਰ ਸਿੰਘ ਜੱਗੀ
ਪਾਇਲ, 20 ਦਸੰਬਰ
ਰਾੜਾ ਸਾਹਿਬ ਤੋਂ ਕਟਾਹਰੀ ਲਾਪਰਾਂ ਨੂੰ ਜਾਂਦੀ ਸੜਕ ’ਤੇ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਦੇ ਦੋ ਨੰਨ੍ਹੇ ਬੱਚਿਆਂ ਨੂੰ ਦੇਰ ਸ਼ਾਮ ਕਾਰ ਚਾਲਕ ਵੱਲੋਂ ਦਰੜ ਦਿੱਤਾ ਗਿਆ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਾਇਲ ਪੁਲੀਸ ਨੇ ਕਾਰ ਚਾਲਕ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਟਾਹਰੀ ਤੋਂ ਲਾਪਰਾਂ ਨੂੰ ਜਾਣ ਵਾਲੀ ਨਵੀਂ ਬਣੀ ਸੜਕ ਦੇ ਬਰਮਾ ’ਤੇ ਪਰਵਾਸੀ ਮਜਦੂਰ ਮਿੱਟੀ ਪਾ ਰਹੇ ਸੀ। ਪਰਵਾਸੀ ਔਰਤਾਂ ਵੱਲੋਂ ਲਾਪਰਾਂ ਕਟਾਹਰੀ ਸੜਕ ਤੋਂ ਪਿੰਡ ਘਣਗਸ ਨੂੰ ਜਾਂਦੇ ਕੱਚੇ ਰਸਤੇ ਦੀ ਇੱਕ ਸਾਈਡ ’ਤੇ ਗੌਰਵ ਪੁੱਤਰ ਅਰਜਨ ਕੁਮਾਰ ਡੇਢ ਸਾਲ ਅਤੇ ਦਿਸ਼ਾਤ ਕੁਮਾਰ ਪੁੱਤਰ ਮਨੋਜ ਕੁਮਾਰ (1) ਦੋਨੋਂ ਵਾਸੀ ਗਰਾਮ ਮਾਲਮਪੁਰ ਯੂਪੀ ਹਾਲ ਵਾਸੀ ਲਾਪਰਾਂ ਨੂੰ, ਸੁਆਇਆ ਹੋਇਆ ਸੀ। ਉਨ੍ਹਾਂ ਨੂੰ ਪੀਬੀ-10 ਏਜੈੱਡ 1400 ਕਾਰ ਦਾ ਡਰਾਈਵਰ ਦਰੜ ਕੇ ਮੌਕੇ ਤੋਂ ਫਰਾਰ ਹੋ ਗਿਆ। ਤਫਤੀਸ਼ੀ ਥਾਣੇਦਾਰ ਸਿਕੰਦਰ ਰਾਜ ਨੇ ਦੱਸਿਆ ਕਿ ਉਕਤ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।