ਕੇ ਪੀ ਸਿੰਘ
ਗੁਰਦਾਸਪੁਰ, 14 ਸਤੰਬਰ
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਦੇਰ ਸ਼ਾਮ ਹਵਾਲਾਤੀਆਂ ਦੇ ਦੋ ਧੜਿਆਂ ਵਿਚਾਲੇ ਝੜਪ ਹੋ ਗਈ, ਜਿਸ ਕਾਰਨ ਸੱਤ ਹਵਾਲਾਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ੇਰੇ ਇਲਾਜ ਸੁਖਜੀਤ ਲਾਲ, ਜਗਜੀਤ ਸਿੰਘ, ਸੁਖਚੈਨ ਸਿੰਘ, ਬਲਵਾਨ ਸਿੰਘ, ਨਿਰਮਲ ਸਿੰਘ, ਹਰੀਸ਼ ਕੁਮਾਰ ਅਤੇ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਉਹ ਰੋਟੀ ਬਣਾ ਰਹੇ ਸਨ, ਇਸੇ ਦੌਰਾਨ ਦੂਜੇ ਧੜੇ ਦੇ ਕਰੀਬ ਤਿੰਨ ਦਰਜਨ ਹਵਾਲਾਤੀਆਂ ਨੇ ਉਨ੍ਹਾਂ ’ਤੇ ਚਮਚਿਆਂ ਅਤੇ ਤਿੱਖੀ ਵਸਤੂਆਂ ਨਾਲ ਹਮਲਾ ਕਰ ਦਿੱਤਾ। ਜੇਲ੍ਹ ਗਾਰਡ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਛੁਡਵਾਇਆ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਮਾਮੂਲੀ ਤਕਰਾਰ ਤੋਂ ਬਾਅਦ ਇਨ੍ਹਾਂ ਦੋ ਧੜਿਆਂ ਵਿੱਚ ਲੜਾਈ ਹੋ ਗਈ ਸੀ, ਜਿਸ ਵਿੱਚ ਤਿੰਨ ਜ਼ਖ਼ਮੀ ਹੋ ਗਏ ਸਨ। ਇਸੇ ਰੰਜ਼ਿਸ਼ ਦੇ ਚੱਲਦਿਆਂ ਇੱਕ ਵਾਰ ਫਿਰ ਇੱਕ ਧੜੇ ਦੇ ਵਿਅਕਤੀਆਂ ਨੇ ਦੂਜੇ ਧੜੇ ’ਤੇ ਹਮਲਾ ਕਰ ਦਿੱਤਾ।
ਇਸ ਸਬੰਧੀ ਡੀਐੱਸਪੀ ਸਿਟੀ ਰਿਪੁਤਪਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਸੂਚਨਾ ਮਿਲੀ ਸੀ ਕਿ ਜੇਲ੍ਹ ਵਿੱਚ ਹਵਾਲਾਤੀਆਂ ਦੇ ਦੋ ਧੜਿਆਂ ਵਿੱਚ ਝੜਪ ਹੋ ਗਈ। ਇਸ ਤੋਂ ਬਾਅਦ ਉਹ ਸਿਵਲ ਹਸਪਤਾਲ ਪੁੱਜੇ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਤੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।