ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 13 ਨਵੰਬਰ
ਮਾਹਮੂਜੋਈਆ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀ ਵੱਲੋਂ 44 ਦਿਨਾਂ ਤੋਂ ਜਾਰੀ ਰੋਸ ਧਰਨੇ ਵਿਚ ਸ਼ਾਮਲ 60 ਸਾਲਾ ਕਿਸਾਨ ਦੀ ਸ਼ੁੱਕਰਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਿਸਾਨਾਂ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮ੍ਰਿਤਕ ਕਿਸਾਨ ਬਲਦੇਵ ਰਾਜ ਪੁੱਤਰ ਗੁਰਦਾਸ ਰਾਮ (60) ਦੀ ਲਾਸ਼ ਨੂੰ ਮਾਹਮੂਜੋਈਆ ਟੌਲ ਪਲਾਜ਼ਾ ’ਤੇ ਰੱਖ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ। ਖ਼ਬਰ ਲਿਖੇ ਜਾਣ ਤਕ ਇਹ ਧਰਨਾ ਜਾਰੀ ਸੀ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਰੋਡ ’ਤੇ ਮਾਹਮੂਜੋਈਆ ਟੌਲ ਪਲਾਜ਼ਾ ’ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਪਿੰਡ ਮਾਹਮੂਜੋਈਆ ਦੇ ਕਿਸਾਨ ਬਲਦੇਵ ਰਾਜ ਪੁੱਤਰ ਗੁਰਦਾਸ ਰਾਮ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ। ਇਸ ਤੋਂ ਬਾਅਦ ਸਾਥੀ ਧਰਨਾਕਾਰੀਆਂ ਵੱਲੋਂ ਉਸ ਨੂੰ ਜਲਾਲਾਬਾਦ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਦੇਰ ਸ਼ਾਮ ਕਿਸਾਨ ਬਲਦੇਵ ਰਾਜ ਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੰਘਰਸ਼ੀ ਸਾਥੀ ਬਲਦੇਵ ਰਾਜ ਦੇ ਪਰਿਵਾਰ ਲਈ ਸਰਕਾਰ ਜਾਂ ਪ੍ਰਸ਼ਾਸਨ ਕੋਈ ਐਲਾਨ ਨਹੀਂ ਕਰਦਾ, ਉਦੋਂ ਤੱਕ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਬਰਨਾਲਾ (ਪਰਸ਼ੋਤਮ ਬੱਲੀ): ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਭਾਜਪਾ ਦੀ ਸੂਬਾਈ ਆਗੂ ਅਰਚਨਾ ਦੱਤ ਦੀ ਸਥਾਨਕ ਲੱਖੀ ਕਲੋਨੀ ਵਿਚਲੀ ਰਿਹਾਇਸ਼ ਅੱਗੇ ਲਾਏ ਲੜੀਵਾਰ ਧਰਨੇ ’ਚ ਸ਼ਾਮਲ ਕਿਸਾਨ ਜ਼ੋਰਾ ਸਿੰਘ (72) ਪੁੱਤਰ ਲਾਲ ਸਿੰਘ ਵਾਸੀ ਪਿੰਡ ਸੇਖਾ (ਬਰਨਾਲਾ) ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ।
ਯੂਨੀਅਨ ਦੇ ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਜ਼ੋਰਾ ਸਿੰਘ ਸੀਮਾਂਤ ਕਿਸਾਨ ਸੀ। ਬੀਕੇਯੂ ਉਗਰਾਹਾਂ ਵੱਲੋਂ ਵਿੱਢੇ ਸੰਘਰਸ਼ ਵਿਚ ਉਹ ਆਪਣੀ ਪਤਨੀ ਰਵਿੰਦਰ ਕੌਰ ਸਣੇ ਲਗਾਤਾਰ ਸ਼ਮੂਲੀਅਤ ਕਰਦਾ ਆ ਰਿਹਾ ਸੀ। ਧਰਨੇ ਤੋਂ ਵਾਪਸੀ ਸਮੇਂ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ ਤੇ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਮੁੜ ਧਰਨਾ ਸਥਾਨ ’ਤੇ ਰੱਖਣ ਦੀ ਸੂਹ ਮਿਲਦਿਆਂ ਹੀ ਡੀਐੱਸਪੀ (ਡੀ) ਰੁਪਿੰਦਰ ਸਿੰਘ ਦਿਓਲ ਤੁਰੰਤ ਪੁਲੀਸ ਪਾਰਟੀ ਸਣੇ ਪੁੱਜੇ। ਫਿਲਹਾਲ ਲਾਸ਼ ਸਰਕਾਰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ।
ਕਿਸਾਨ ਆਗੂਆਂ ਮ੍ਰਿਤਕ ਦੇ ਵਾਰਸਾਂ ਲਈ 10 ਲੱਖ ਮੁਆਵਜ਼ਾ, ਪਰਿਵਾਰਕ ਮੈਂਬਰ ਲਈ ਪੱਕੀ ਸਰਕਾਰੀ ਨੌਕਰੀ ਤੇ ਮੁਕੰਮਲ ਕਰਜ਼ਾ ਮੁਆਫ਼ੀ ਦੀ ਮੰਗ ਕੀਤੀ। ਆਗੂਆਂ ਨੇ ਮੰਗਾਂ ਪੂਰੀਆਂ ਹੋਣ ਤਕ ਸਸਕਾਰ ਨਾ ਕਰਨ ਦਾ ਐਲਾਨ ਕੀਤਾ।