ਬਰਨਾਲਾ/ਭੀਖੀ (ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ): ਪਿੰਡ ਸੰਘੇੜਾ ਦੇ ਕਿਸਾਨ ਅਵਤਾਰ ਸਿੰਘ ਨੇ ਬੀਤੀ ਰਾਤ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਅਵਤਾਰ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਏਕੜ ਦੇ ਕਰੀਬ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਸਿਰ ਕਰਜ਼ਾ ਹੋਣ ਕਾਰਨ ਅਵਤਾਰ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੀ ਰਾਤ ਉਸ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸੇ ਤਰ੍ਹਾਂ ਭੀਖੀ ਨੇੜੇ ਪਿੰਡ ਸਮਾਓਂ ਦੀ ਮੁਪਾਲ ਪੱਤੀ ਦੇ ਨੌਜਵਾਨ ਕਿਸਾਨ ਮਹਾਂ ਸਿੰਘ (29) ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਸਰਪੰਚ ਪਰਮਜੀਤ ਕੌਰ ਨੇ ਦੱਸਿਆ ਕਿ ਮਹਾਂ ਸਿੰਘ ਸਿਰ ਸਰਕਾਰੀ ਤੇ ਗੈਰ-ਸਰਕਾਰੀ ਲਗਪਗ ਸੱਤ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ।