ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਕਤੂਬਰ
ਇੱਥੇ ਅੱਜ ਤੜਕੇ ਸੁਲਤਾਨਵਿੰਡ ਖੇਤਰ ਵਿੱਚ ਪੁਲੀਸ ਨੇ ਮੁਕਾਬਲੇ ਮਗਰੋਂ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਮੁਕਾਬਲੇ ਵਿੱਚ ਗੋਲੀ ਲੱਗਣ ਕਾਰਨ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ। ਗ੍ਰਿਫ਼ਤਾਰ ਗੈਂਗਸਟਰਾਂ ਦੀ ਪਛਾਣ ਰੇਸ਼ਮ ਸਿੰਘ ਉਰਫ ਬਾਊ ਅਤੇ ਗੁਰਵਿੰਦਰ ਸਿੰਘ ਗੁਰੀ ਵਜੋਂ ਹੋਈ ਹੈ। ਦੋਵੇਂ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਹਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਦੋਵੇਂ 19 ਅਕਤੂਬਰ ਨੂੰ ਸੁੰਦਰ ਨਗਰ ਇਲਾਕੇ ਵਿੱਚ ਜਸਦੀਪ ਸਿੰਘ ਉਰਫ ਸਾਜਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਇੱਥੇ ਸੁਲਤਾਨਵਿੰਡ ਨੇੜੇ ਡਾਇਮੰਡ ਐਵੇਨਿਊ ਵਿੱਚ ਹਨ। ਪੁਲੀਸ ਨੇ ਰਾਤ ਹੋਣ ’ਤੇ ਛਾਪਾ ਮਾਰਿਆ। ਇਸ ਦੌਰਾਨ 2 ਵਜੇ ਤੋਂ ਲੈ ਕੇ ਤੜਕੇ 4 ਵਜੇ ਤੱਕ ਚੱਲੇ ਅਪਰੇਸ਼ਨ ਦੌਰਾਨ ਜਦੋਂ ਦੋਵਾਂ ਗੈਂਗਸਟਰਾਂ ਨੇ ਭੱਜਣ ਦਾ ਯਤਨ ਕਰਦਿਆਂ ਪੁਲੀਸ ’ਤੇ ਗੋਲੀਆਂ ਚਲਾਈਆਂ ਤਾਂ ਜਵਾਬੀ ਗੋਲੀਬਾਰੀ ਵਿੱਚ ਗੁਰਵਿੰਦਰ ਸਿੰਘ ਉਰਫ ਗੁਰੀ ਜ਼ਖਮੀ ਹੋ ਗਿਆ। ਇਸ ਦੌਰਾਨ ਦੂਜੇ ਗੈਂਗਸਟਰ ਰੇਸ਼ਮ ਸਿੰਘ ਉਰਫ ਬਾਊ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਇਨ੍ਹਾਂ ਕੋਲੋਂ ਪਿਸਤੌਲ 9 ਐੱਮਐੱਮ ਗਲੋਕ, ਚਾਰ ਰੌਂਦ ਅਤੇ ਪਿਸਤੌਲ ਪੁਆਇੰਟ 32 ਬੋਰ ਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ। ਕੁਝ ਖੋਲ ਵੀ ਮਿਲੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੁੰਦਰ ਨਗਰ ਖੇਤਰ ਵਿੱਚ ਗੋਲੀ ਚਲਾਉਣ ਦੇ ਮਾਮਲੇ ਵਿੱਚ ਇੱਕ ਹੋਰ ਗੈਂਗਸਟਰ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰ ਮਨ ਘਨਸ਼ਾਮਪੁਰੀਆ ਨੇ ਲਈ ਸੀ।