ਪੱਤਰ ਪ੍ਰੇਰਕ
ਅਮਲੋਹ, 5 ਜੁਲਾਈ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਮੈਰਿਟ ਸੂਚੀ ’ਚ ਆਪਣਾ ਨਾਮ ਦਰਜ ਕਰਵਾ ਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸਤੀਸ਼ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਦੋਵੇਂ ਵਿਦਿਆਰਥਣਾਂ ਅਮਲੋਹ ਸ਼ਹਿਰ ਦੀਆਂ ਹਨ, ਜਿਨ੍ਹਾਂ ਵਿਚੋਂ ਮਹਿਕ ਪੁੱਤਰੀ ਚਮਨ ਲਾਲ ਨੇ 650 ਵਿਚੋਂ 632 (97.23 ਪ੍ਰਤੀਸ਼ਤ) ਅੰਕ ਪ੍ਰਾਪਤ ਕੀਤੇ ਅਤੇ ਵਿਦਿਆਰਥਣ ਹਰਸ਼ ਪੁੱਤਰੀ ਜਸਵੀਰ ਕੌਰ ਨੇ 650 ਵਿਚੋਂ 629 (96.77 ਪ੍ਰਤੀਸ਼ਤ) ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਇਸ ਦਾ ਸਿਹਰਾ ਬੱਚਿਆਂ ਅਤੇ ਸਟਾਫ਼ ਦੀ ਮਿਹਨਤ ਨੂੰ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਸਬੰਧੀ ਵਿਦਿਆਰਥਣ ਮਹਿਕ ਨੇ ਦੱਸਿਆ ਕਿ ਉਸ ਦੀ ਇਹ ਪ੍ਰਾਪਤੀ ਲਗਾਤਾਰ 12-12 ਘੰਟੇ ਕੀਤੀ ਪੜ੍ਹਾਈ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਉਸ ਨੇ ਦੱਸਿਆ ਕਿ ਉਹ ਹੁਣ ਗਿਆਰ੍ਹਵੀਂ ਜਮਾਤ ਨਾਨ ਮੈਡੀਕਲ ਦੀ ਪੜ੍ਹਾਈ ਹਾਸਲ ਕਰਕੇ ਭਵਿੱਖ ਵਿਚ ਇੰਜਨੀਅਰ ਬਣਨਾ ਚਾਹੁੰਦੀ ਹੈ। ਦੂਜੀ ਵਿਦਿਆਰਥਣ ਹਰਸ਼ ਨੇ ਦੱਸਿਆ ਕਿ ਉਸ ਦੀ ਮਾਤਾ ਲੋਕਾਂ ਦੇ ਘਰ ਵਿਚ ਕੰਮ ਕਰਕੇ ਉਸ ਨੂੰ ਪੜ੍ਹਾ ਰਹੀ ਹੈ ਅਤੇ ਉਹ ਭਵਿੱਖ ਵਿਚ ਹੋਰ ਮਿਹਨਤ ਕਰਕੇ ਮਾਪਿਆਂ ਦਾ ਨਾਮ ਚਮਕਾਉਣਾ ਚਾਹੁੰਦੀ ਹੈ।
ਮਾਣਕਪੁਰ ਦੀ ਹਰਪ੍ਰੀਤ ਨੇ ਮੈਰਿਟ ਵਿੱਚ ਥਾਂ ਬਣਾਈ
ਬਨੂੜ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਣਕਪੁਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਗੁਰਦੀਪ ਸਿੰਘ ਮੈਰਿਟ ਵਿੱਚ ਆਈ ਹੈ। ਬੋਰਡ ਵੱਲੋਂ ਐਲਾਨੀ ਮੈਰਿਟ ਵਿੱਚ ਉਸ ਨੇ 650 ਵਿੱਚੋਂ 630 ਅੰਕ ਹਾਸਲ ਕਰਕੇ 14ਵਾਂ ਰੈਂਕ ਹਾਸਲ ਕੀਤਾ ਹੈ। ਪਿੰਡ ਨਿਆਮਤਪੁਰ ਦੀ ਵਸਨੀਕ ਹਰਪ੍ਰੀਤ ਕੌਰ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਤੇ ਉਸ ਦਾ ਪਿਉ ਗੁਰਦੀਪ ਸਿੰਘ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਬਾਰਾਂ ਕਿਲੋਮੀਟਰ ਪੈਂਦੇ ਮਾਣਕਪੁਰ ਦੇ ਸਰਕਾਰੀ ਸਕੂਲ ਵਿੱਚ ਉਸਨੂੰ ਛੱਡਣ ਅਤੇ ਲੈ ਕੇ ਜਾਣ ਦੀ ਡਿਊਟੀ ਨਿਭਾ ਰਿਹਾ ਹੈ। ਹਰਪ੍ਰੀਤ ਨੇ ਦੱਸਿਆ ਕਿ ਉਹ ਐੱਮਬੀਬੀਐੱਸ ਡਾਕਟਰ ਬਣਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਚਾਰ ਵਜੇ ਸਵੇਰੇ ਉੱਠ ਕੇ ਰਾਤ ਨੂੰ ਦਸ ਵਜੇ ਤੱਕ ਜ਼ਿਆਦਾ ਸਮਾਂ ਪੜ੍ਹਾਈ ਉੱਤੇ ਹੀ ਲਾਉਂਦੀ ਹੈ ਤੇ ਉਸ ਨੇ ਅੱਜ ਤੱਕ ਕਦੇ ਵੀ ਟਿਊਸ਼ਨ ਦੀ ਪੜ੍ਹਾਈ ਨਹੀਂ ਲਈ।