ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 23 ਅਕਤੂਬਰ
ਮਲਸੀਆਂ-ਲੋਹੀਆਂ ਖਾਸ ਜੀ.ਟੀ.ਰੋਡ ’ਤੇ ਬੀਤੀ ਅੱਧੀ ਰਾਤ ਨੂੰ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ, ਜੋ ਜਲੰਧਰ ਵਿੱਚ ਜੇਰੇ ਇਲਾਜ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਅਮਨਪ੍ਰੀਤ(31) ਪੁੱਤਰ ਬਲਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਉਰਫ ਮਿੱਠੂ (25) ਪੁੱਤਰ ਰਾਣਾ ਵਾਸੀਆਨ ਰੂਪੇਵਾਲ ਮੋਟਰਸਾਈਕਲ ’ਤੇ ਲੋਹੀਆਂ ਖਾਸ ਤੋਂ ਆਪਣੇ ਪਿੰਡ ਨੂੰ ਆ ਰਹੇ ਸਨ। ਜਿਉਂ ਹੀ ਨਿਹਾਲੂਵਾਲ ਦੇ ਸਰਕਾਰੀ ਸਕੂਲ ਕੋਲ ਪੁੱਜੇ ਤਾਂ ਕਿਸੇ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਰਾਹਗੀਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ। ਇੱਥੇ ਡਾਕਟਰਾਂ ਨੇ ਅਮਨਪ੍ਰੀਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦੋਂ ਕਿ ਮਿੱਠੂ ਦੀ ਹਾਲਤ ਨੂੰ ਦੇਖਦੇ ਹੋਏ ਉਚੇਰੇ ਇਲਾਜ ਲਈ ਜਲੰਧਰ ਭੇਜ ਦਿੱਤਾ। ਲੋਹੀਆਂ ਖਾਸ ਦੀ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।
ਕਾਹਨੂੰਵਾਨ(ਵਰਿੰਦਰਜੀਤ ਜਾਗੋਵਾਲ): ਪਿੰਡ ਗੁਨੋਪੁਰ ਕੋਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਕਿਸੇ ਨਾਮਾਲੂਮ ਵਾਹਨ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਮਨਪ੍ਰੀਤ ਸਿੰਘ ਵਾਸੀ ਜਾਫ਼ਲਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਗੁਰਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਲਾਡਪੁਰ ਜੋ ਕੇ ਭੈਣ ਦੇ ਘਰੋਂ ਸ਼ੁੱਕਰਵਾਰ ਦੀ ਸ਼ਾਮ ਨੂੰ ਵਾਪਸ ਪਿੰਡ ਲਾਡਪੁਰ ਪਰਤ ਰਿਹਾ ਸੀ ਜਦੋਂ ਉਹ ਪਿੰਡ ਗੁਨੋਪੁਰ ਦੇ ਕੋਲ ਪਹੁੰਚਾ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਰਾਤ ਦੇ ਹਨੇਰੇ ਵਿੱਚ ਟੱਕਰ ਹੋਣ ਕਾਰਨ ਕਰਨ ਮਾਰਿਆ ਗਿਆ।
ਹਾਦਸੇ ਦੌਰਾਨ ਗੁਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਰਾਤ ਹੋਣ ਕਾਰਨ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਉਹ ਬਿਨਾਂ ਕੋਈ ਪੁਲੀਸ ਦੀ ਕਾਰਵਾਈ ਕਰਵਾਏ ਮ੍ਰਿਤਕ ਦੇਹ ਲੈ ਕੇ ਰਵਾਨਾ ਹੋ ਗਏ।
ਰੈਲੀ ’ਚ ਜਾ ਰਹੇ ਸ਼ਿਵ ਸੈਨਿਕਾਂ ਦਾ ਵਾਹਨ ਪਲਟਿਆਂ, 15 ਜ਼ਖ਼ਮੀ
ਪਠਾਨਕੋਟ(ਐਨਪੀ. ਧਵਨ): ਰੈਲੀ ਵਿੱਚ ਜਾ ਰਹੇ ਸ਼ਿਵ ਸੈਨਿਕਾਂ ਦਾ ਛੋਟਾ ਹਾਥੀ ਵਾਹਨ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਤੇ ਪਿੰਡ ਪਰਮਾਨੰਦ ਕੋਲ ਬੇਕਾਬੂ ਹੋ ਕੇ ਪਲਟ ਗਿਆ ਜਿਸ ਕਾਰਨ ਵਾਹਨ ਵਿੱਚ ਸਵਾਰ 15 ਸ਼ਿਵ ਸੈਨਿਕ ਜ਼ਖਮੀ ਹੋ ਗਏ। ਇੰਨ੍ਹਾਂ ਵਿੱਚੋਂ 3 ਦਾ ਇਲਾਜ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਇੱਕ ਦੀ ਹਾਲਤ ਗੰਭੀਰ ਹੈ ਜਦ ਕਿ 11 ਸ਼ਿਵ ਸੈਨਿਕਾਂ ਨੂੰ ਮਾਮੂਲੀ ਸੱਟਾਂ ਵੱਜਣ ਕਾਰਨ ਮੁੱਢਲੀ ਮਰਹਮ ਪੱਟੀ ਕਰਨ ਬਾਅਦ ਛੁੱਟੀ ਦੇ ਦਿੱਤੀ ਗਈ। ਜ਼ਖ਼ਮੀਆਂ ਵਿੱਚੋਂ 2 ਸ਼ਿਵ ਸੈਨਿਕਾਂ ਦੀਆਂ ਬਾਹਾਂ ਟੁੱਟ ਗਈਆਂ। ਜ਼ਖਮੀਆਂ ਵਿੱਚ ਸਤਨਾਮ ਸਿੰਘ (50), ਰਾਜਿੰਦਰ ਕੁਮਾਰ, ਵਿਕਰਮ, ਚੀਕੂ, ਕਸ਼ਮੀਰ ਸਿੰਘ, ਦਿਲਬਾਗ ਸਿੰਘ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ, ਦਰਸ਼ਨ ਲਾਲ, ਜੋਰਾ ਸਿੰਘ ਆਦਿ ਸ਼ਾਮਲ ਸਨ ਜੋ ਕਿ ਸਾਰੇ ਬਟਾਲਾ ਦੇ ਰਹਿਣ ਵਾਲੇ ਹਨ। ਹਾਦਸਾ ਵਾਪਰਨ ਉਪਰੰਤ ਜ਼ਖ਼ਮੀਆਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਵਿੱਚ ਪਾ ਕੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜਾਣਕਾਰੀ ਦਿੰਦੇ ਹੋਏ ਜ਼ਖਮੀ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਸਾਰੇ ਛੋਟਾ ਹਾਥੀ ਵਿੱਚ ਸਵਾਰ ਹੋ ਕੇ ਜੰਮੂ-ਕਸ਼ਮੀਰ ਵਿੱਚ ਮਾਰੇ ਜਾ ਰਹੇ ਹਿੰਦੂਆਂ ਦੇ ਵਿਰੋਧ ਵਿੱਚ ਕੀਤੀ ਜਾਣ ਵਾਲੀ ਰੋਸ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਕਿ ਜਿਉਂ ਹੀ ਉਹ ਪਰਮਾਨੰਦ ਕੋਲ ਪੁੱਜੇ ਤਾਂ ਉਨ੍ਹਾਂ ਸਾਹਮਣੇ ਇੱਕ ਕਾਰ ਚੱਲ ਰਹੀ ਸੀ ਤਾਂ ਉਕਤ ਕਾਰ ਦੇ ਅੱਗੇ ਇੱਕ ਸਾਈਕਲ ਸਵਾਰ ਨੇ ਅਚਾਨਕ ਮੋੜ ਕੱਟ ਲਿਆ ਅਤੇ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ।