ਹਤਿੰਦਰ ਮਹਿਤਾ
ਜਲੰਧਰ, 18 ਨਵੰਬਰ
ਜਲੰਧਰ ਦਿਹਾਤੀ ਪੁਲੀਸ ਨੇ ਅੰਤਰਰਾਜੀ ਨਸ਼ਾ ਤਸਕਰ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜੋ ਟਰੱਕ ’ਚ ਭੁੱਕੀ ਲਿਜਾ ਰਹੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ 102 ਕਿਲੋ ਭੁੱਕੀ ਬਰਾਮਦ ਕੀਤੀ ਹੈ।
ਐੱਸਐੱਸਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਟਰੱਕ ਨੂੰ ਜ਼ਬਤ ਕਰ ਲਿਆ ਹੈ, ਜਿਸ ’ਚ ਫਰਸ਼ ਦੇ ਹੇਠ ਬਕਸਾ ਬਣਾਇਆ ਹੋਇਆ ਸੀ ਤੇ ਉਸ ਦੀ ਵਰਤੋਂ ਭੁੱਕੀ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਭੁੱਕੀ ਦੀ ਖੇਪ ਆਉਣ ਦੀ ਸੂਚਨਾ ਮਿਲਣ ’ਤੇ ਐੱਸਪੀ (ਜਾਂਚ) ਜਸਰੂਪ ਕੌਰ ਬਾਠ ਅਤੇ ਡੀਐੱਸਪੀ ਓਂਕਾਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਬਣਾਈਆਂ ਗਈਆਂ ਸਨ।
ਇਸ ਦੌਰਾਨ ਥਾਣਾ ਸ਼ਾਹਕੋਟ ਦੇ ਐੱਸਆਈ ਗੁਰਨਾਮ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੋਗਾ-ਜਲੰਧਰ ਹਾਈਵੇਅ ਦੇ ਟੀ-ਪੁਆਇੰਟ ’ਤੇ ਨਾਕਾਬੰਦੀ ਕਰਕੇ ਟਰੱਕ ਨੂੰ ਰੋਕਿਆ ਅਤੇ ਉਸ ’ਚ ਲੁਕਾਈ ਹੋਈ 102 ਕਿਲੋ ਭੁੱਕੀ ਬਰਾਮਦ ਕੀਤੀ। ਐੱਸਐੱਸਪੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਵਰਿੰਦਰ ਸਿੰਘ ਉਰਫ਼ ਰਾਜੂ ਵਾਸੀ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਦੋ ਹੋਰ ਮੁਲਜ਼ਮ ਕਪੂਰਥਲਾ ਤੇ ਗੋਇੰਦਵਾਲ ਦੀ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ ਦੀ ਪਛਾਣ ਸੋਨੂੰ ਦੌਲੇਵਾਲਾ ਵਾਸੀ ਮੋਗਾ ਅਤੇ ਕਰਨ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਖੁਲਾਸਾ ਹੋਇਆ ਕਿ ਇਹ ਵਿਅਕਤੀ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਨਸ਼ਿਆਂ ਦਾ ਕਾਰੋਬਾਰ ਕਰਦੇ ਸਨ।