ਹਰਜੀਤ ਸਿੰਘ
ਖਨੌਰੀ, 17 ਅਕਤੂਬਰ
ਇੱਥੋਂ ਦੇ ਪਿੰਡ ਠਸਕਾ ਤੇ ਭੂਲਣ ਵਿਚਾਲੇ ਪਾਣੀ ਵਾਲੀ ਟੈਂਕੀ ਫਟਣ ਕਾਰਨ ਕੱਚੀਆਂ ਇੱਟਾਂ ਦੀ ਪਥੇਰ ਵਿੱਚ ਕੰਮ ਕਰਨ ਵਾਲੀਆਂ ਦੋ ਪਰਵਾਸੀ ਮਜ਼ਦੂਰ ਮਹਿਲਾਵਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਪੰਜ ਜਣੇ ਜ਼ਖ਼ਮੀ ਹੋ ਗਏ ਹਨ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਪਿੰਡ ਠਸਕਾ ਅਤੇ ਭੂਲਣ ਵਿਚਾਲੇ ਕੱਚੀਆਂ ਇੱਟਾਂ ਦੀ ਪਥੇਰ ਲਈ ਕੁਝ ਪਰਵਾਸੀ ਮਜ਼ਦੂਰ ਮਹਿਲਾਵਾਂ ਕੰਮ ਕਰ ਰਹੀਆਂ ਸਨ ਤੇ ਕੁਝ ਪਾਣੀ ਵਾਲੀ ਟੈਂਕੀ ’ਤੇ ਲੱਗੀ ਟੂਟੀ ਤੋਂ ਪਾਣੀ ਭਰ ਰਹੀਆਂ ਸਨ ਅਤੇ ਬੱਚੇ ਨਹਾ ਰਹੇ ਸਨ। ਇਸ ਦੌਰਾਨ ਅਚਾਨਕ ਹੀ ਟੈਂਕੀ ਫਟ ਗਈ ਜਿਸ ਦੀ ਲਪੇਟ ਵਿੱਚ ਔਰਤਾਂ ਅਤੇ ਬੱਚੇ ਆ ਗਏ। ਟੈਂਕੀ ਦੀਆਂ ਇੱਟਾਂ ਦੂਰ-ਦੂਰ ਤੱਕ ਖਿੱਲਰ ਗਈਆਂ। ਇਸ ਘਟਨਾ ਵਿੱਚ ਇੱਕ ਔਰਤ ਅਤੇ ਇੱਕ ਲੜਕੀ ਦੀ ਮੌਤ ਹੋ ਗਈ ਹੈ ਜਦੋਂ ਕਿ ਪੰਜ ਜਣੇ ਜ਼ਖ਼ਮੀ ਹੋਏ ਹਨ। ਮ੍ਰਿਤਕ ਪਰਵਾਸੀ ਮਜ਼ਦੂਰ ਮਹਿਲਾਵਾਂ ਵਿੱਚ ਮਨੀਸ਼ਾ ਕੁਮਾਰੀ (19) ਵਾਸੀ ਬਰੇਲੀ ਉੱਤਰ ਪ੍ਰਦੇਸ਼ ਅਤੇ ਇਮਰਤੀ ਕੁਮਾਰੀ (16) ਵਾਸੀ ਕਾਸਗੰਜ (ਉੱਤਰ ਪ੍ਰਦੇਸ਼) ਸ਼ਾਮਲ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕਾਂ ਨੇ ਜ਼ਖ਼ਮੀਆਂ ਨੂੰ ਟੋਹਾਣਾ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਜ਼ਖਮੀ ਹੋਏ ਦੋ ਬੱਚਿਆਂ, ਦੋ ਔਰਤਾਂ ਤੇ ਵਿਅਕਤੀ ਨੂੰ ਅਗਰੋਹਾ ਦੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਸਾਰੇ ਪਰਵਾਸੀ ਮਜ਼ਦੂਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਡੀਐੱਸਪੀ ਮੂਨਕ ਮਨੋਜ ਗੋਰਸੀ ਅਤੇ ਥਾਣਾ ਖਨੌਰੀ ਦੇ ਐੱਸਐੱਚਓ ਸੌਰਵ ਸੱਭਰਵਾਲ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।