ਸਰਬਜੀਤ ਸਿੰਘ ਭੰਗੂ/ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ਰਾਜਪੁਰਾ, 15 ਸਤੰਬਰ
ਰਾਜਪੁਰਾ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪੰਜ ਪਿਸਤੌਲ ਅਤੇ ਇੱਕ ਰਿਵਾਲਵਰ ਬਰਾਮਦ ਕੀਤਾ ਹੈ। ਪਟਿਆਲਾ ਦੇ ਐੱਸ.ਐੱਸ.ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਜੀਤ ਸਿੰਘ ਰਾਜੂ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਵਾਸੀਆਨ ਪਿੰਡ ਮੀਆਂਪੁਰ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ, ਜਿਨ੍ਹਾਂ ਦਾ ਸਬੰਧ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਖ਼ਾਲਿਸਤਾਨ ਜਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਕਾਰਕੁਨ ਨਾਲ ਹੈ। ਇਨ੍ਹਾਂ ਕੋਲੋਂ ਬਰਾਮਦ ਹਥਿਆਰਾਂ ਵਿੱਚੋਂ ਇੱਕ ਪਿਸਤੌਲ 9 ਐੱਮ.ਐੱਮ ਦਾ ਅਤੇ ਚਾਰ ਪਿਸਤੌਲ 32 ਬੋਰ ਦੇ ਹਨ ਜਦਕਿ 32 ਬੋਰ ਦੇ ਇੱਕ ਰਿਵਾਲਵਰ ਸਣੇ 8 ਕਾਰਤੂਸ, ਕਈ ਮੋਬਾਈਲ ਫੋਨ ਅਤੇ ਇੱਕ ਇੰਟਰਨੈੱਟ ਡੌਂਗਲ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਏ.ਐੱਸ.ਆਈ. ਗੁਰਦਰਸ਼ਨ ਸਿੰਘ, ਹੌਲਦਾਰ ਜ਼ੋਰਾ ਸਿੰਘ ਅਤੇ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਪ੍ਰੀਤਪਾਲ ਸਿੰਘ ਨੇ ਰਾਜਪੁਰਾ-ਸਰਹਿੰਦ ਰੋਡ ਦੇ ਹੋਟਲ ਜਸ਼ਨ ਨੇੜੇ ਨਾਕੇ ’ਤੇ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਰਾਜਪੁਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਅਨੁਸਾਰ ਮੁੱਢਲੀ ਜਾਂਚ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 4 ਹਥਿਆਰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਮਿਲੇ ਹਨ ਅਤੇ 2 ਸਫੀਦੋਂ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਮਿਲੇ ਹਨ।
ਡੀਜੀਪੀ ਦਿਨਕਰ ਗੁਪਤਾ ਦੇ ਹਵਾਲੇ ਨਾਲ ਐੱਸਐੱਸਪੀ ਨੇ ਕਿਹਾ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਰਾਹੀਂ ਪੁਲੀਸ ਨੇ ਅਤਿਵਾਦੀ ਹਮਲੇ ਕਰਕੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਖਾਲਿਸਤਾਨ ਪੱਖੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਬਾਰੇ ਜਾਣਕਾਰੀ ਦੇ ਆਧਾਰ ’ਤੇ ਪਾਕਿਸਤਾਨ ਦੇ ਸਮਰਥਨ ਵਾਲੇ ਗੁੱਟ ਦਾ ਪਰਦਾਫਾਸ਼ ਕੀਤਾ ਹੈ। ਇਹ ਦੋਵੇਂ ਮੁਲਜ਼ਮ ਇਰਾਦਾ ਕਤਲ ਦੇ ਇਕ ਕਤਲ ’ਚ ਲੋੜੀਂਦੇ ਸਨ। ਪੁਲੀਸ ਮੁਖੀ ਮੁਤਾਬਕ ਲੱਗਪਗ ਦਰਜਨ ਕੇਸਾਂ ਨਾਲ ਸਬੰਧਤ ਪੰਜ ਹੋਰ ਮੁਲਜ਼ਮਾਂ ਨਾਲ ਵੀ ਇਨ੍ਹਾਂ ਨੌਜਵਾਨਾਂ ਦੇ ਸਬੰਧ ਹਨ, ਜਿਨ੍ਹਾਂ ਵਿੱਚੋਂ ਇਸ ਵੇਲੇ ਜੇਲ੍ਹ ਵਿੱਚ ਬੰਦ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਕਾਰਕੁਨ ਸ਼ੁਭਦੀਪ ਸਿੰਘ ਸ਼ੁੱਭ ਨੂੰ ਸਤੰਬਰ 2019 ਵਿੱਚ ਅੰਮ੍ਰਿਤਸਰ ਦੇ ਪਿੰਡ ਮਹਾਵਾ ਤੋਂ ਚੀਨ ਦੁਆਰਾ ਬਣਾਏ ਗਏ ਇੱਕ ਡਰੋਨ ਦੀ ਬਰਾਮਦਗੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।