ਜਗਮੋਹਨ ਸਿੰਘ
ਘਨੌਲੀ, 25 ਫਰਵਰੀ
ਇੱਥੋਂ ਨੇੜਲੇ ਪਿੰਡ ਨੂੰਹੋਂ ਤੇ ਰਤਨਪੁਰਾ ਦੀਆਂ ਰੂਪਨਗਰ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਨ ਲਈ ਅੰਬੂਜਾ ਫੈਕਟਰੀ ਦੀ ਬੱਸ ’ਤੇ ਸਵਾਰ ਹੋ ਕੇ ਗਈਆਂ ਦੋ ਨਾਬਾਲਗ ਵਿਦਿਆਰਥਣਾਂ ਬੀਤੇ ਦਿਨ ਅਚਾਨਕ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ। ਤਫ਼ਤੀਸ਼ੀ ਅਧਿਕਾਰੀ ਸਬ-ਇੰਸਪੈਕਟਰ ਸਵਾਤੀ ਧੀਮਾਨ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਪਿੰਡ ਰਤਨਪੁਰਾ ਦੇ ਰੇਸ਼ਮ ਨੇ ਦੱਸਿਆ ਕਿ ਉਸ ਦੀ ਡੀਏਵੀ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਛੋਟੀ ਭੈਣ ਆਰਤੀ ਕੁਮਾਰੀ (17) ਤੇ ਪਿੰਡ ਨੂੰਹੋਂ ਦੀ ਸਰਕਾਰੀ ਸਕੂਲ ਲੜਕੀਆਂ ਰੂਪਨਗਰ ਵਿਚ ਨੌਵੀਂ ਜਮਾਤ ਵਿੱਚ ਪੜ੍ਹਦੀ ਅਮਨਪ੍ਰੀਤ ਕੌਰ (16) ਰੋਜ਼ਾਨਾ ਦੀ ਤਰ੍ਹਾਂ ਅੰਬੂਜਾ ਸੀਮਿੰਟ ਫੈਕਟਰੀ ਦੀ ਪ੍ਰਾਈਵੇਟ ਬੱਸ ਵਿੱਚ ਸਵਾਰ ਹੋ ਕੇ ਸਕੂਲ ਲਈ ਗਈਆਂ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਸਕੂਲਾਂ ਵਿੱਚੋਂ ਛੁੱਟੀ ਹੋਣ ਉਪਰੰਤ ਦੋਵੇਂ ਲੜਕੀਆਂ ਘਰ ਪਰਤਣ ਲਈ ਬੱਸ ਵਿੱਚ ਨਹੀਂ ਪੁੱਜੀਆਂ ਤਾਂ ਉਸ ਦੇ ਛੋਟੇ ਭਰਾ ਨੇ ਉਸ ਨੂੰ ਫੋਨ ’ਤੇ ਸਾਰੀ ਗੱਲ ਦੱਸੀ। ਉਸ ਨੇ ਤੇ ਅਮਨਪ੍ਰੀਤ ਦੇ ਮਾਪਿਆਂ ਨੇ ਦੋਵਾਂ ਦੀ ਕਾਫ਼ੀ ਭਾਲ ਕੀਤੀ, ਪਰ ਦੋਵੇਂ ਨਹੀਂ ਮਿਲੀਆ। ਤਫ਼ਤੀਸ਼ੀ ਅਧਿਕਾਰੀ ਸਵਾਤੀ ਧੀਮਾਨ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਲਾਪਤਾ ਹੋਈਆਂ ਲੜਕੀਆਂ ਦੀ ਤੇਜ਼ੀ ਨਾਲ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।