ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਅਪਰੈਲ
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਦੋਸ਼ ਹੇਠ ਪੁਲੀਸ ਨੇ ਅੱਜ ਸ਼ੂਟਰ ਵਿਕਾਸ ਮਾਹਲੇ ਨੂੰ ਦਿੱਲੀ ਤੋਂ ਅਤੇ ‘ਫ਼ੌਜੀ’ ਨੂੰ ਰੁਦਰਪੁਰ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸ਼ੂਟਰਾਂ ਦੀ ਗ੍ਰਿਫ਼ਤਾਰੀ ਜਲੰਧਰ ਤੇ ਦਿੱਲੀ ਪੁਲੀਸ ਦੀ ਸਾਂਝੀ ਟੀਮ ਵੱਲੋਂ ਕੀਤੀ ਦੱਸੀ ਜਾ ਰਹੀ ਹੈ। ਦੋਵਾਂ ਮੁਲਜ਼ਮਾਂ ਕੋਲੋਂ ਦਿੱਲੀ ਵਿੱਚ ਹੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲੀਸ ਦੇ ਇਨ੍ਹਾਂ ਗ੍ਰਿਫਤਾਰੀਆਂ ਦੀ ਹਾਲੇ ਤੱਕ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਪਰ ਪੁਲੀਸ ਸੂਤਰਾਂ ਅਨੁਸਾਰ ਜਲਦੀ ਹੀ ਇਸ ਬਾਰੇ ਅਹਿਮ ਖੁਲਾਸੇ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀਤੀ 14 ਮਾਰਚ ਨੂੰ ਪਿੰਡ ਮੱਲ੍ਹੀਆਂ ਖੁਰਦ ਵਿੱਚ ਕੌਮਾਂਤਰੀ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਜਲੰਧਰ ਪੁਲੀਸ ਕੋਲ ਜਿਹੜੀ ਜਾਣਕਾਰੀ ਸੀ, ਉਸ ਦੇ ਆਧਾਰ ’ਤੇ ਹੀ ਦਿੱਲੀ ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਵੱਖ-ਵੱਖ ਜੇਲ੍ਹਾਂ ’ਚ ਬੰਦ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਕੇ ਦਾਅਵਾ ਕੀਤਾ ਸੀ ਕਿ ਸੰਦੀਪ ਦੇ ਕਤਲ ਦੀ ਸਾਜ਼ਿਸ਼ ਇਨ੍ਹਾਂ ਨੇ ਹੀ ਰਚੀ ਸੀ। ਪੁਲੀਸ ਪਿਛਲੇ ਡੇਢ ਮਹੀਨੇ ਤੋਂ ਸ਼ੂਟਰਾਂ ਦੀ ਭਾਲ ਕਰ ਰਹੀ ਸੀ। ਇਸ ਘਟਨਾ ਦੇ ਚਸ਼ਮਦੀਦ ਗਵਾਹਾਂ ਅਨੁਸਾਰ ਚਾਰ ਸ਼ੂਟਰਾਂ ਨੇ ਗੋਲੀਆਂ ਚਲਾਈਆਂ ਸਨ। ਜਲੰਧਰ ਦੀ ਦਿਹਾਤੀ ਪੁਲੀਸ ਨੇ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ, ਸੰਗਰੂਰ ਜੇਲ੍ਹ ਵਿੱਚ ਬੰਦ ਫ਼ਤਹਿ ਸਿੰਘ ਤੇ ਅਮਿਤ ਡਾਗਰ ਸਮੇਤ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬੰਦ ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਵਾਸੀ ਮਾਧੋਪੁਰ (ਯੂਪੀ) ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਜਾਣਕਾਰੀ ਅਨੁਸਾਰ ਫ਼ਤਹਿ ਸਿੰਘ ਤੇ ਜੁਝਾਰ ਸਿੰਘ ਇੰਟਰਨੈਟ ਰਾਹੀਂ ਕੀਤੀਆਂ ਜਾਣ ਵਾਲੀਆਂ ਕਾਲਾਂ ਰਾਹੀ ਸ਼ੂਟਰਾਂ ਨਾਲ ਸੰਪਰਕ ਵਿੱਚ ਸਨ।