ਪੱਤਰ ਪ੍ਰੇਰਕ
ਸੰਗਤ ਮੰਡੀ, 18 ਅਕਤੂਬਰ
ਪਿੰਡ ਸੰਗਤ ਕਲਾਂ ਵਿੱਚ ਅੱਜ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ (20) ਅਤੇ ਨਵਰੀਤ ਸਿੰਘ (22) ਵਜੋਂ ਹੋਈ ਹੈ। ਗੁਰਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ 3 ਸਾਲ ਪਹਿਲਾਂ ਉਸ ਦੇ ਵੱਡੇ ਪੁੱਤਰ ਕੁਲਵਿੰਦਰ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ ਅਤੇ ਅੱਜ ਦੂਜਾ ਪੁੱਤ ਵੀ ਨਸ਼ੇ ਦੀ ਭੇਟ ਚੜ੍ਹ ਗਿਆ। ਪਿਛਲੇ ਕਰੀਬ ਇਕ ਹਫ਼ਤੇ ਅੰਦਰ ਪਿੰਡ ’ਚ 6 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਸੰਗਤ ਮੁਖੀ ਐੱਸਆਈ ਪਰਮਪਾਰਸ ਸਿੰਘ ਨੇ ਦੱਸਿਆ ਕਿ ਜੇ ਪਿੰਡ ਵਾਸੀ ਕਿਸੇ ਨਸ਼ਾ ਤਸਕਰ ਬਾਰੇ ਸੂਚਨਾ ਦੇਣਗੇ ਤਾਂ ਉਹ ਕਾਰਵਾਈ ਲਈ ਤਿਆਰ ਹਨ।