ਮਾਨਸਾ: ਮਾਨਸਾ ਜ਼ਿਲ੍ਹੇ ਵਿੱਚ ਘੱਗਰ ਦੇ ਚਾਂਦਪੁਰਾ ਬੰਨ੍ਹ ਸਮੇਤ ਕਈ ਹੋਰ ਬੰਨ੍ਹ ਟੁੱਟਣ ਮਗਰੋਂ ਅੱਜ ਸ਼ਾਮੀਂ ਪੰਜਾਬ ਅਤੇ ਹਰਿਆਣਾ ਨੂੰ ਜੋੜਦੇ ਦੋ ਕੌਮੀ ਮਾਰਗ ਬੰਦ ਕਰਨੇ ਪਏ ਹਨ। ਇਨ੍ਹਾਂ ਵਿੱਚ ਲੁਧਿਆਣਾ-ਸਿਰਸਾ ਵਾਇਆ ਮਾਨਸਾ ਅਤੇ ਬੁਢਲਾਡਾ ਤੋਂ ਰਤੀਆ ਫ਼ਤਿਆਬਾਦ ਸ਼ਾਮਲ ਹਨ। ਇਨ੍ਹਾਂ ਵੱਡੀਆਂ ਸੜਕਾਂ ਉਤੇ ਪਾਣੀ ਆਉਣ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਮੁੱਖ ਮਾਰਗਾਂ ਨੂੰ ਬੰਦ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਮਾਰਗਾਂ ਰਾਹੀਂ ਹੀ ਪੰਜਾਬ ’ਚੋਂ ਹਰਿਆਣਾ ਹੋ ਕੇ ਦਿੱਲੀ ਅਤੇ ਰਾਜਸਥਾਨ ਸੂਬਿਆਂ ਨੂੰ ਵੱਡੇ ਅਤੇ ਛੋਟੇ ਵਾਹਨ ਆਉਂਦੇ ਜਾਂਦੇ ਹਨ। ਹੁਣ ਦੋਵਾਂ ਸੂਬਿਆਂ ਦੀ ਬੱਸ ਸੇਵਾ ਵੀ ਪ੍ਰਭਾਵਿਤ ਹੋ ਗਈ ਹੈ। ਕੁਝ ਕੁ ਬੱਸਾਂ ਅੱਜ ਲਿੰਕ ਰੋਡ ਰਾਹੀਂ ਸਿਰਸਾ ਅਤੇ ਫ਼ਤਿਆਬਾਦ ਨੂੰ ਗਈਆਂ-ਆਈਆਂ ਹਨ। ਇਸ ਦੌਰਾਨ ਮਾਨਸਾ ਜ਼ਿਲ੍ਹੇ ਵਿੱਚ ਚਾਂਦਪੁਰਾ ਬੰਨ੍ਹ ਨੇੜੇ ਘੱਗਰ ’ਚ ਪਏ ਪਾੜ ਨੂੰ ਬੰਦ ਕਰਨ ਲਈ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ ਫੌਜ ਦੇ ਇੰਜਨੀਅਰਾਂ ਨੇ ਕੰਮ ਸ਼ੁਰੂ ਕੀਤਾ ਹੀ ਸੀ ਕਿ ਮੌਕੇ ’ਤੇ ਹਰਿਆਣਾ ਸਰਕਾਰ ਨੇ ਲਾਈ ਦਫ਼ਾ 144 ਨਾ ਤੋੜਨ ਕਾਰਨ ਕੰਮ ਇੱਕ ਦਫ਼ਾ ਮੁੜ ਬੰਦ ਹੋ ਗਿਆ। -ਪੱਤਰ ਪ੍ਰੇਰਕ