ਨਰਿੰਦਰ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਭਿਖੀਵਿੰਡ, 21 ਮਾਰਚ
ਕਤਲ ਕੇਸ ਵਿੱਚ ਲੋੜੀਂਦੇ ਦੋ ਨਿਹੰਗ ਸਰਹੱਦੀ ਖੇਤਰ ਦੇ ਪਿੰਡ ਸਿੰਘਪੁਰਾ ਵਿੱਚ ਐਤਵਾਰ ਸ਼ਾਮ ਨੂੰ ਪੁਲੀਸ ਨਾਲ ਹੋਏ ਕਥਿਤ ਮੁਕਾਬਲੇ ਵਿੱਚ ਮਾਰੇ ਗਏ, ਜਦੋਂਕਿ ਵਲਟੋਹਾ ਅਤੇ ਖੇਮਕਰਨ ਥਾਣੇ ਦੇ ਐੱਸਐੱਚਓਜ਼ ਜ਼ਖ਼ਮੀ ਹੋ ਗਏ। ਮਹਾਰਾਸ਼ਟਰ ਦੀ ਪੁਲੀਸ ਨੇ ਬੀਤੇ ਦਿਨੀਂ ਪੰਜਾਬ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਨੰਦੇੜ ਸਾਹਿਬ ਹਜ਼ੂਰ ਸਾਹਿਬ ਵਿੱਚ ਇੱਕ ਡੇਰੇ ਦੇ ਮੁਖੀ ਸੰਤੋਖ ਸਿੰਘ ਦਾ ਕਤਲ ਕਰ ਕੇ ਦੋ ਨਿਹੰਗ ਪੰਜਾਬ ਵੱਲ ਭੱਜ ਗਏ ਹਨ। ਪੁਲੀਸ ਨੂੰ ਇਨ੍ਹਾਂ ਨਿਹੰਗਾਂ ਦੇ ਭਿੱਖੀਵਿੰਡ ਨੇੜੇ ਸੁਰਸਿੰਘ ਪਿੰਡ ਕੋਲ ਛੁਪੇ ਹੋਣ ਦੀ ਸੂਚਨਾ ਮਿਲੀ ਸੀ। ਥਾਣਾ ਖੇਮਕਰਨ ਦੇ ਐੱਸਐੱਚਓ ਨਰਿੰਦਰ ਸਿੰਘ ਅਤੇ ਥਾਣਾ ਵਲਟੋਹਾ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸੁਰਸਿੰਘ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਦੋਵਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਭਿੱਖੀਵਿੰਡ ਪੁਲੀਸ ਵੱਲੋਂ ਹਮਲਾ ਕਰਨ ਵਾਲੇ ਨਿਹੰਗਾਂ ਦਾ ਪਿੱਛਾ ਕੀਤਾ ਗਿਆ ਅਤੇ ਸਿੰਘਪੁਰਾ ਦੀ ਡਰੇਨ ਨੇੜੇ ਮੁਕਾਬਲੇ ਵਿੱਚ ਦੋਵੇਂ ਮਾਰੇ ਗਏ। ਡੀਆਈਜੀ ਫਿਰੋਜ਼ਪੁਰ ਰੇਂਜ ਹਰਦਿਆਲ ਸਿੰਘ ਮਾਨ ਅਤੇ ਹੋਰ ਉੱਚ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ। ਤਰਨਤਾਰਨ ਦੇ ਜ਼ਿਲ੍ਹਾ ਪੁਲੀਸ ਮੁਖੀ ਧਰੁਮਨ ਐੱਚ. ਨਿੰਬਲੇ ਨੇ ਦੱਸਿਆ ਕਿ ਦੋ ਥਾਣੇਦਾਰਾਂ ’ਤੇ ਹਮਲਾ ਕਰਨ ਵਾਲੇ ਨਿਹੰਗਾਂ ਨੂੰ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਹੈ। ਉਨ੍ਹਾਂ ਦੀ ਪਛਾਣ ਗੁਰਦੇਵ ਸਿੰਘ ਅਤੇ ਮਹਿਤਾਬ ਸਿੰਘ ਵਜੋਂ ਹੋਈ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟ-ਮਾਰਟਮ ਲਈ ਭੇਜ ਦਿੱਤਾ ਗਿਆ ਹੈ।