ਨਿੱਜੀ ਪੱਤਰ ਪੇਰਕ
ਝੁਨੀਰ, 23 ਅਗਸਤ
ਝੁਨੀਰ ਦੇ ਵੱਖ ਵੱਖ ਪਿੰਡਾਂ ’ਚ ਅੱਜ ਕਰਜ਼ੇ ਤੋਂ ਪ੍ਰੇਸ਼ਾਨ ਦੋ ਵਿਅਕਤੀਆਂ ਨੇ ਖੁਦਕੁਸ਼ੀ ਕਰ ਲਈ। ਇੱਥੋਂ ਦੇ ਪਿੰਡ ਉੱਲਕ ਵਿੱਚ ਇਕ ਕਿਸਾਨ ਨੇ ਗੁਲਾਬੀ ਸੁੰਡੀ ਕਾਰਨ ਫਸਲ ਤਬਾਹ ਹੋਣ ’ਤੇ ਖੁਦਕੁਸ਼ੀ ਕਰ ਲਈ ਹੈ। ਥਾਣਾ ਜੌੜਕੀਆਂ ਦੇ ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਉੱਲਕ ਵਜੋਂ ਹੋਈ ਹੈ। ਉਹ ਦੋ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਨੇ ਤਿੰਨ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਨਰਮਾ ਬੀਜਿਆ ਹੋਇਆ ਸੀ। ਗੁਲਾਬੀ ਸੁੰਡੀ ਕਾਰਨ ਸਾਰੀ ਫ਼ਸਲ ਤਬਾਹ ਹੋਣ ਮਗਰੋਂ ਪਰਮਜੀਤ ਪ੍ਰੇਸ਼ਾਨ ਸੀ ਅਤੇ ਅੱਜ ਉਸ ਨੇ ਆਪਣੇ ਘਰ ਵਿੱਚ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੀ ਪਤਨੀ ਜਸਪਾਲ ਕੌਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਪਿੰਡ ਮਾਖੇਵਾਲਾ ਵਿੱਚ ਇਕ ਨੌਜਵਾਨ ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ। ਥਾਣਾ ਝੁਨੀਰ ਦੇ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਮਾਖੇਵਾਲਾ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਹੰਸਰਾਜ ਸਿੰਘ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਇਸ ਦੇ ਚੱਲਦਿਆਂ ਉਸ ਨੇ ਅੱਜ ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਹੋ ਕੇ ਖੇਤ ਵਿੱਚ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੇ ਪਰਿਵਾਰ ਵਿੱਚ ਪਤਨੀ ਅਤੇ ਇੱਕ ਪੁੱਤਰ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਹੰਸ ਰਾਜ ਦੇ ਬਿਆਨ ਦਰਜ ਕਰ ਲਏ ਹਨ।
ਕਰਜ਼ੇ ਕਾਰਨ ਕਿਸਾਨ ਵੱਲੋਂ ਖ਼ੁਦਕੁਸ਼ੀ
ਮਾਨਸਾ (ਪੱਤਰ ਪ੍ਰੇਰਕ): ਪਿੰਡ ਖਿਆਲਾ ਕਲਾਂ ਦੇ ਕਿਸਾਨ ਜਰਨੈਲ ਸਿੰਘ (47) ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੇ ਪਰਿਵਾਰ ’ਚ ਪਤਨੀ, ਪੁੱਤਰ ਤੇ ਧੀ ਹੈ। ਮ੍ਰਿਤਕ ਦੇ ਚਚੇਰੇ ਭਰਾ ਨਿਰਭੈ ਸਿੰਘ ਨੇ ਦੱਸਿਆ ਸਾਉਣੀ ਦੀਆਂ ਫ਼ਸਲਾਂ ਦੇ ਖ਼ਰਾਬੇ, ਪਸ਼ੂਆਂ ਦੀ ਬਿਮਾਰੀ ਤੇ ਕਰਜ਼ੇ ਕਾਰਨ ਜਰਨੈਲ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਕੋਲ ਡੇਢ ਏਕੜ ਜ਼ਮੀਨ ਸੀ ਤੇ ਤਿੰਨ ਏਕੜ ਪੈਲੀ ਠੇਕੇ ’ਤੇ ਲਈ ਹੋਈ ਸੀ। ਚਿੱਟੀ ਮੱਖੀ-ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਵਾਹੁਣੀ ਪਈ ਤੇ ਕਰਜ਼ਾ ਹੋਰ ਵਧ ਗਿਆ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਸਿਰ 7 ਲੱਖ ਤੋਂ ਜ਼ਿਆਦਾ ਕਰਜ਼ਾ ਸੀ। ਪਿੰਡ ਦੇ ਸਾਬਕਾ ਸਰਪੰਚ ਰਮੇਸ਼ ਕੁਮਾਰ ਤੇ ਕਿਸਾਨ ਨਿਰਭੈ ਸਿੰਘ ਨੇ ਸਰਕਾਰ ਤੋਂ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼, ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ।