ਜਗਤਾਰ ਸਿੰਘ ਲਾਂਬਾ/ਬਲਵਿੰਦਰ ਰੈਤ
ਅੰਮ੍ਰਿਤਸਰ/ਨੂਰਪੁਰ ਬੇਦੀ, 26 ਸਤੰਬਰ
ਪੰਜਾਬ ਪੁਲੀਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਧਮਾਕਾਖੇਜ਼ ਸਮੱਗਰੀ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਯੁਵਰਾਜ ਸਭਰਵਾਲ ਉਰਫ ਯਸ਼ ਕੋਲੋਂ ਪੁਲੀਸ ਨੇ ਦੋ ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਦੌਰਾਨ ਪੁਲੀਸ ਨੇ ਯਸ਼ ਨੂੰ ਪਨਾਹ ਦੇਣ ਦੇ ਮਾਮਲੇ ’ਚ ਨੂਰਪੁਰ ਬੇਦੀ ਦੇ ਦੋ ਵਿਅਕਤੀਆਂ ਅਸ਼ੋਕ ਕੁਮਾਰ ਅਤੇ ਗੁਰਚਰਨ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਯਸ਼ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਇਲਾਕੇ ਤੋਂ ਕਾਬੂ ਕੀਤਾ ਸੀ। ਉਸ ਕੋਲੋਂ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਧਮਾਕਾਖੇਜ਼ ਸਮੱਗਰੀ ਆਈਈਡੀ ਉਸ ਨੇ ਅੰਮ੍ਰਿਤਸਰ ਨੇੜਲੇ ਪਿੰਡ ਖਾਨਕੋਟ ਤੋਂ ਲਿਆਂਦੀ ਸੀ। ਯਸ਼ ਅਤੇ ਦੀਪਕ ਦੋਵਾਂ ਨੇ ਇਹ ਧਮਾਕਾਖੇਜ਼ ਸਮੱਗਰੀ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ ਲਾਈ ਸੀ। ਪੁਲੀਸ ਨੇ ਮੁੱਖ ਮੁਲਜ਼ਮ ਕੋਲੋਂ ਦੋ ਪਿਸਤੌਲ, ਪੰਜ ਗੋਲੀਆਂ, ਕੁਝ ਪੈਕੇਜਿੰਗ ਸਮੱਗਰੀ ਅਤੇ ਧਮਾਕਾਖੇਜ਼ ਪਦਾਰਥ ਦੇ ਬਚੇ ਹੋਏ ਹਿੱਸੇ ਆਦਿ ਬਰਾਮਦ ਕੀਤੇ ਹਨ। ਇਸੇ ਦੌਰਾਨ ਨੂਰਪੁਰ ਬੇਦੀ ਥਾਣੇ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਯਸ਼ ਨੂੰ ਥਾਣਾ ਨੂਰਪੁਰ ਬੇਦੀ ਅਧੀਨ ਪੈਦੇ ਪਿੰਡ ਗੜ੍ਹਬਾਗਾ ਦੇ ਵਸਨੀਕ ਗੁਰਚਰਨ ਸਿੰਘ ਨੇ ਦੋ ਦਿਨ ਪਨਾਹ ਦਿੱਤੀ ਸੀ। ਪੁਲੀਸ ਨੇ ਅੱਜ ਉਸ ਖ਼ਿਲਾਫ਼ ਕੇਸ ਦਰਜ ਕਰਕੇ ਰੂਪਨਗਰ ਦੀ ਅਦਾਲਤ ’ਚ ਪੇਸ਼ ਕੀਤਾ। ਆਦਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੁਲੀਸ ਇਸ ਮਾਮਲੇ ਵਿਚ ਯੁਵਰਾਜ ਸੱਭਰਵਾਲ ਸਮੇਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।