ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 21 ਫਰਵਰੀ
ਇੱਥੋਂ ਦੀ ਇੱਕ ਕਲੋਨੀ ਵਿੱਚ ਲੀਕ ਹੋਈ ਪਾਣੀ ਦੀ ਪਾਈਪ ਨੂੰ ਠੀਕ ਕਰ ਰਹੇ ਦੋ ਪਲੰਬਰਾਂ ਉੱਪਰ ਮਿੱਟੀ ਦੀ ਢਿੱਗ ਡਿੱਗ ਜਾਣ ਕਾਰਨ ਇੱਕ ਦੀ ਮੌਤ ਗਈ, ਜਦੋਂ ਕਿ ਦੂਜੇ ਨੂੰ ਸੁਰੱਖਿਅਤ ਬਾਹਰ ਕੱਢ ਕੇ ਬਚਾਅ ਲਿਆ ਗਿਆ। ਸਿਵਲ ਹਸਪਤਾਲ ਵਿੱਚ ਰਾਜੂ ਨਾਂ ਦੇ ਪਲੰਬਰ ਨੇ ਦੱਸਿਆ ਕਿ ਬੀਤੀ ਸ਼ਾਮ ਸੁਨਾਮ ਦੀ ਇੱਕ ਨਿੱਜੀ ਕਲੋਨੀ ’ਚ ਪਾਈਪ ਲਾਈਨ ਲੀਕ ਹੋਣ ਕਾਰਨ ਉੱਥੋਂ ਦੇ ਠੇਕੇਦਾਰ ਵੱਲੋਂ ਪਾਈਪ ਲਾਈਨ ਠੀਕ ਕਰਨ ਲਈ ਤਿੰਨ ਪਲੰਬਰਾਂ ਨੂੰ ਬੁਲਾਇਆ ਗਿਆ ਸੀ। ਲੀਕੇਜ ਵਾਲੀ ਥਾਂ ਦੁਆਲਿਓਂ ਜੇਸੀਬੀ ਮਸ਼ੀਨ ਨਾਲ ਪਹਿਲਾਂ ਹੀ ਮਿੱਟੀ ਪੁੱਟ ਕੇ ਕਾਫੀ ਡੂੰਘਾ ਟੋਇਆ ਪੁੱਟਿਆ ਹੋਇਆ ਸੀ। ਜਦੋਂ ਪਾਈਪ ਦੀ ਲੀਕੇਜ ਠੀਕ ਕਰਨ ਲਈ ਉਹ ਅਤੇ ਮੁਕੇਸ਼ ਕੁਮਾਰ ਟੋਏ ਵਿੱਚ ਥੱਲੇ ਉੱਤਰੇ ਤਾਂ ਪਾਈਪ ’ਚ ਆ ਰਹੇ ਮੋਟਰ ਦੇ ਪਾਣੀ ਦਾ ਪ੍ਰੈਸ਼ਰ ਤੇਜ਼ ਹੋਣ ਕਾਰਨ ਅਚਾਨਕ ਮਿੱਟੀ ਦੀ ਢਿੱਗ ਉਨ੍ਹਾਂ ਦੇ ਉੱਪਰ ਡਿੱਗ ਪਈ, ਜਿਸ ਕਾਰਨ ਉਹ ਦੋਵੇਂ ਮਿੱੱਟੀ ਹੇਠ ਦਬ ਗਏ। ਰਾਜੂ ਨੇ ਦੱਸਿਆ ਕਿ ਉਸ ਨੂੰ ਤਾਂ ਕੁਝ ਵਿਅਕਤੀਆਂ ਨੇ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ, ਜਦੋਂ ਕਿ ਭਾਰੀ ਮੁਸ਼ੱਕਤ ਕਾਰਨ ਢਿੱਗ ਹੇਠ ਦਬੇ ਮੁਕੇਸ਼ ਕੁਮਾਰ ਨੂੰ ਬਾਹਰ ਕੱਢਣ ਮਗਰੋਂ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਚੌਕੀ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਦੇ ਏਐੱਸਆਈ ਸੀਤਾ ਰਾਮ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਪੜਤਾਲ ਮਗਰੋਂ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।