ਗੁਰਦੀਪ ਸਿੰਘ ਲਾਲੀ/ਹਰਦੀਪ ਸਿੰਘ ਸੋਢੀ
ਸੰਗਰੂਰ/ਧੂਰੀ 4 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ-ਲੁਧਿਆਣਾ ਮੁੱਖ ਸੜਕ ’ਤੇ ਲੱਗੇ ਲੱਡਾ ਅਤੇ ਲਹਿਰਾ ਟੌਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਵੇਂ ਟੌਲ ਪਲਾਜ਼ਿਆਂ ਦੀ ਮਿਆਦ ਐਤਵਾਰ ਅੱਧੀ ਰਾਤ ਤੋਂ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਨੇ ਲੱਡਾ ਟੌਲ ਪਲਾਜ਼ਾ ’ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਇਨ੍ਹਾਂ ਟੌਲ ਪਲਾਜ਼ਿਆਂ ਦੇ ਪ੍ਰਬੰਧਕ 20 ਮਹੀਨੇ ਦਾ ਵਾਧਾ ਜਾਂ 50 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕਰ ਰਹੇ ਸਨ ਪਰ ਮੈਂ ਇਸ ਮੰਗ ਨੂੰ ਠੁਕਰਾ ਦਿੱਤਾ ਹੈ ਅਤੇ ਵਡੇਰੇ ਜਨਤਕ ਹਿੱਤ ਵਿੱਚ ਇਨ੍ਹਾਂ ਟੌਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।’’ ਮੁੱਖ ਮੰਤਰੀ ਨੇ ਕਿਹਾ ਕਿ ਇਹ ਟੌਲ 5 ਸਤੰਬਰ, 2015 ਨੂੰ ਸੱਤ ਸਾਲਾਂ ਲਈ ਸ਼ੁਰੂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸੱਤ ਸਾਲਾਂ ਤੱਕ ਲੋਕਾਂ ਨੇ ਇਨ੍ਹਾਂ ਟੌਲ ਪਲਾਜ਼ਿਆਂ ਤੋਂ ਲੰਘਣ ਲਈ ਆਪਣੀਆਂ ਜੇਬਾਂ ਵਿੱਚੋਂ ਵੱਡੀ ਰਕਮ ਖਰਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਕਾਰਨ ਹੋਏ ਭਾਰੀ ਨੁਕਸਾਨ ਦਾ ਹਵਾਲਾ ਦਿੱਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਕਰੋਨਾ ਵਿਸ਼ਵਵਿਆਪੀ ਆਫ਼ਤ ਸੀ ਅਤੇ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦਾ ਸਿੱਟਾ ਸੀ, ਜਿਸ ਲਈ ਕੇਂਦਰ ਸਰਕਾਰ ਨੇ ਬਾਅਦ ਵਿੱਚ ਮੁਆਫੀ ਵੀ ਮੰਗ ਲਈ ਸੀ। ਇਸ ਕਾਰਨ ਉਨ੍ਹਾਂ ਪ੍ਰਬੰਧਕਾਂ ਦੀ ਮੁਆਵਜ਼ੇ ਅਤੇ ਸਮਾਂ ਵਧਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਗਰੁੱਪ ਲੁਧਿਆਣਾ ਨੇੜੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਵੱਡਾ ਪ੍ਰੋਜੈਕਟ ਸਥਾਪਤ ਕਰੇਗਾ। ਜਮਸ਼ੇਦਪੁਰ ਤੋਂ ਬਾਅਦ ਟਾਟਾ ਸਟੀਲ ਦਾ ਇਹ ਸਭ ਤੋਂ ਵੱਡਾ ਨਿਵੇਸ਼ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਹੋਰ ਪ੍ਰਮੁੱਖ ਉਦਯੋਗਿਕ ਪ੍ਰੋਜੈਕਟ ਸਥਾਪਤ ਕੀਤੇ ਜਾਣਗੇ। ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਜਾਂਚ ਚ ਸ਼ਾਮਲ ਕਰਨ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸੇ ਵੀ ਵਿਅਕਤੀ ਨਾਲ ਪੱਖਪਾਤ ਨਹੀਂ ਕਰੇਗੀ ਅਤੇ ਜਿਸ ਕਿਸੇ ਨੇ ਵੀ ਕੋਈ ਗਲਤ ਕੰਮ ਕੀਤਾ ਹੋਵੇਗਾ, ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਹੀ ਸੂਬੇ ਦੀ ਨੁਹਾਰ ਬਦਲ ਜਾਵੇਗੀ ਅਤੇ ਪਾਰਟੀ ਤੇ ਸਰਕਾਰ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਜਮੀਰ-ਉਲ ਰਹਿਮਾਨ, ਸੀਨੀਅਰ ‘ਆਪ’ ਆਗੂ ਗੁਰਮੇਲ ਸਿੰਘ ਘਰਾਚੋਂ ਆਦਿ ਹਾਜ਼ਰ ਸਨ।