ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਹੱਕ ਵਿੱਚ ਬੀਤੇ ਦਿਨ ਕੱਢੇ ਗਏ ਮਾਰਚ ਦੌਰਾਨ ਇੱਕ ਟਰੈਕਟਰ ਥੱਲੇ ਆਉਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ਦੀ ਪਛਾਣ ਨਰਿੰਦਰ ਕੌਰ ਅਤੇ ਸਿਮਰਜੀਤ ਕੌਰ ਵਜੋਂ ਹੋਈ ਅਤੇ ਇਹ ਦੋਵੇਂ ਵੱਲਾ ਦੀਆਂ ਵਸਨੀਕ ਹਨ। ਜ਼ਖ਼ਮੀ ਔਰਤਾਂ ਵਿੱਚ ਬਲਵਿੰਦਰ ਕੌਰ, ਨਿਰਮਲ ਕੌਰ ਤੇ ਨਰਿੰਦਰ ਕੌਰ ਸ਼ਾਮਲ ਹਨ। ਇਹ ਔਰਤਾਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਾਲ ਸਬੰਧਤ ਹਨ। ਜ਼ਖ਼ਮੀ ਕੰਵਲਬੀਰ ਕੌਰ ਨੇ ਦੱਸਿਆ ਕਿ ਵੱਲਾ ਸਕੂਲ ਨੇੜੇ ਟਰੈਕਟਰ ਨੇ ਅਚਾਨਕ ਉਨ੍ਹਾਂ ਨੂੰ ਟੱਕਰ ਮਾਰੀ। ਇਸ ਕਾਰਨ ਨਰਿੰਦਰ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸਿਮਰਜੀਤ ਕੌਰ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਥਾਣਾ ਵੱਲਾ ਦੇ ਐੱਸਐੱਚਓ ਸੰਜੀਵ ਕੁਮਾਰ ਨੇ ਦੱਸਿਆ ਕਿ ਡਰਾਈਵਰ ਸੁਖਲਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।