ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 25 ਜੁਲਾਈ
ਸ੍ਰੀ ਆਨੰਦਪੁਰ ਸਾਹਿਬ-ਸ੍ਰੀ ਨੈਣਾ ਦੇਵੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਲਮਲੈਹੜੀ ਵਿੱਚ ਅੱਜ ਭਾਖੜਾ ਹਾਈਡਲ ਨਹਿਰ ਵਿੱਚ ਦੋ ਨੌਜਵਾਨ ਰੁੜ੍ਹ ਗਏ। ਪ੍ਰਾਪਤ ਵੇਰਵਿਆਂ ਅਨੁਸਾਰ ਸ੍ਰੀ ਨੈਣਾ ਦੇਵੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਕੁਝ ਨੌਜਵਾਨ ਉਕਤ ਸਥਾਨ ’ਤੇ ਭਾਖੜਾ ਨਹਿਰ ਵਿੱਚ ਨਹਾਉਣ ਲੱਗ ਪਏ। ਇਸੇ ਦੌਰਾਨ ਇਕ ਨੌਜਵਾਨ ਜਿਸ ਦੀ ਪਛਾਣ ਗਗਨਦੀਪ ਸਿੰਘ (18) ਵਾਸੀ ਜ਼ਿਲ੍ਹਾ ਜਲੰਧਰ ਵਜੋਂ ਹੋਈ, ਨੇ ਨਹਿਰ ’ਚ ਛਾਲ ਮਾਰ ਦਿੱਤੀ ਜੋ ਕੁਝ ਕੁ ਸਮੇਂ ਅੰਦਰ ਹੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਨ ਲੱਗ ਪਿਆ ਜਿਸ ਨੂੰ ਬਚਾਉਣ ਲਈ ਦੂਜੇ ਦੋਸਤ ਤਰੁਨਦੀਪ ਸਿੰਘ (18) ਵਾਸੀ ਬਸੀ ਪਠਾਣਾਂ ਨੇ ਵੀ ਨਹਿਰ ’ਚ ਛਾਲ ਮਾਰ ਦਿੱਤੀ। ਨਹਿਰ ਕਿਨਾਰੇ ਖੜ੍ਹੇ ਹੋਰ ਨੌਜਵਾਨਾਂ ਅਤੇ ਆਮ ਲੋਕਾਂ ਨੇ ਪੱਗ ਸੁੱਟ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਵਧੀਕ ਥਾਣਾ ਮੁਖੀ ਸ੍ਰੀ ਆਨੰਦਪੁਰ ਸਾਹਿਬ ਦਰਸ਼ਨ ਸਿੰਘ ਨੇ ਦੱਸਿਆ ਕਿ ਨਹਿਰ ਵਿੱਚ ਰੁੜ੍ਹੇ ਦੋਵੇਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।