ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 24 ਸਤੰਬਰ
ਪੈਸਿਆਂ ਦਾ ਲਾਲਚ ਦੇ ਕੇ ਲੁਧਿਆਣਾ ਤੋਂ ਗਿਆਰਾਂ ਸਾਲ ਦੇ ਬੱਚੇ ਨੂੰ ਗੁਰਦਾਸਪੁਰ ਲੈ ਕੇ ਆਏ ਦੋ ਨੌਜਵਾਨ ਉਸ ਨੂੰ ਰੇਲਵੇ ਸਟੇਸ਼ਨ ’ਤੇ ਛੱਡ ਕੇ ਫ਼ਰਾਰ ਹੋ ਗਏ । ਬੱਚਾ ਸਾਰੀ ਰਾਤ ਸਟੇਸ਼ਨ ’ਤੇ ਬੈਠਾ ਰਿਹਾ। ਸਵੇਰੇ ਗੁਰਦਾਸਪੁਰ ਦੀ ਪੀਸੀਆਰ ਟੀਮ ਨੇ ਉਸ ਨੂੰ ਥਾਣਾ ਸਿਟੀ ਪਹੁੰਚਾਇਆ। ਬੱਚੇ ਦੀ ਪਛਾਣ ਜਤਿਨ ਬੇਦੀ ਉਰਫ਼ ਪ੍ਰਿੰਸ ਪੁੱਤਰ ਸ਼ਿਵ ਕੁਮਾਰ ਵਾਸੀ ਜਲੰਧਰ ਬਾਈਪਾਸ ਲੁਧਿਆਣਾ ਵਜੋਂ ਹੋਈ ਹੈ। ਡੀਐੱਸਪੀ ਸਿਟੀ ਸੁਖਪਾਲ ਸਿੰਘ ਅਤੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਪ੍ਰਿੰਸ ਨੂੰ ਉਸ ਦੇ ਪਿਤਾ, ਦਾਦੀ ਅਤੇ ਚਾਚੀ ਨੂੰ ਸੌਂਪਿਆ। ਉਨ੍ਹਾਂ ਦੱਸਿਆ ਕਿ ਪੀਸੀਆਰ ਦੀ ਟੀਮ ਨੇ ਰੇਲਵੇ ਸਟੇਸ਼ਨ ’ਤੇ ਬੱਚੇ ਨੂੰ ਵੇਖਿਆ। ਪੁੱਛਗਿੱਛ ਕਰਨ ’ਤੇ ਪਤਾ ਲੱਗਿਆ ਕਿ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਦੋ ਨੌਜਵਾਨ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਗੁਰਦਾਸਪੁਰ ਲਿਆਏ ਹਨ।