ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 29 ਅਪਰੈਲ
ਇੱਥੋਂ ਨਜ਼ਦੀਕੀ ਪਿੰਡ ਮੱਲੀਆਂ ਨੇੜਿਓਂ ਲੰਘਦੀ ਨਹਿਰ ਅੱਪਰ ਬਾਰੀ ਦੁਆਬ ਉੱਤੇ ਬਣੇ ਡੈਮ ਦੀ ਸਫ਼ਾਈ ਕਰਦੇ ਸਮੇਂ ਦੋ ਮਜ਼ਦੂਰਾਂ ਦੀ ਡੁੱਬ ਕੇ ਮੌਤ ਹੋ ਗਈ ਹੈ। ਮ੍ਰਿਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਰਵੀ (29) ਪੁੱਤਰ ਸਰਦਾਰੀ ਨਾਲ ਪਿੰਡ ਸੋਹਲ ਅਤੇ ਮਨਜਿੰਦਰ ਸਿੰਘ (18) ਪੁੱਤਰ ਹਰਦੀਪ ਸਿੰਘ ਪਿੰਡ ਧਾਰੀਵਾਲ ਕਲਾਂ ਮੱਲੀਆਂ ਨੇੜੇ ਬਣੇ ਮਿੰਨੀ ਡੈਮ ਉੱਤੇ ਸਵੇਰ ਸਮੇਂ ਕੰਮ ਕਰਨ ਲਈ ਗਏ ਸਨ। ਠੇਕੇਦਾਰ ਨੇ ਉਨ੍ਹਾਂ ਨੂੰ ਨਹਿਰ ਦੇ ਕੰਢਿਆਂ ਉੱਤੇ ਸਫ਼ਾਈ ਦਾ ਕੰਮ ਦਿੱਤਾ ਹੋਇਆ ਸੀ। ਪਰ ਉਨ੍ਹਾਂ ਨੂੰ ਇਹ ਖ਼ਤਰਨਾਕ ਕੰਮ ਕਰਨ ਲਈ ਕੋਈ ਸੇਫ਼ਟੀ ਜੈਕੇਟ, ਜਾਂ ਛੋਟੀ ਕਿਸ਼ਤੀ ਜਾਂ ਕੋਈ ਮਜ਼ਬੂਤ ਸੇਫ਼ਟੀ ਰੱਸਾ ਨਹੀਂ ਦਿੱਤਾ ਗਿਆ। ਕੰਮ ਕਰਦੇ ਸਮੇਂ ਰਵੀ ਸਿੰਘ ਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਇਸ ਦੌਰਾਨ ਮਨਜਿੰਦਰ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵਾਂ ਦੀ ਨਹਿਰ ਵਿੱਚ ਡੁੱਬ ਕੇ ਮੌਤ ਹੋ ਗਈ। ਮਗਰੋਂ ਠੇਕੇਦਾਰ ਅਤੇ ਮ੍ਰਿਤਕਾਂ ਦੇ ਵਾਰਸਾਂ ਵਿੱਚ ਰਾਜ਼ੀਨਾਮਾ ਹੋਣ ਤੋਂ ਬਾਅਦ ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ। ਰਾਜ਼ੀਨਾਮੇ ਤਹਿਤ ਠੇਕੇਦਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ।