ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜੁਲਾਈ
ਥਾਣਾ ਬਾਘਾਪੁਰਾਣਾ ਅਧੀਨ ਪਿੰਡ ਮਾਹਲਾ ਕਲਾਂ ਕੋਲ ਅੱਜ ਸਵੇਰੇ ਮੋਟਰਸਾਈਕਲ ਤੇ ਸਵਿਫ਼ਟ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਆਪਸ ਵਿਚ ਮਾਮੇ-ਭੂਆ ਦੇ ਪੁੱਤ ਸਨ। ਇਸ ਹਾਦਸੇ ਵਿਚ ਇੱਕ ਲੜਕੀ ਜ਼ਖ਼ਮੀ ਹੋ ਗਈ ਜੋ ਨੌਜਵਾਨਾਂ ਨਾਲ ਮੋਟਰਸਾਈਕਲ ਉੱਤੇ ਸਵਾਰ ਸੀ ਤੇ ਆਇਲਜ਼ ਦਾ ਪੇਪਰ ਦੇਣ ਜਾ ਰਹੀ ਸੀ। ਇਸ ਹਾਦਸੇ ਮਗਰੋਂ ਪਿੰਡ ਹਰੀਏਵਾਲਾ ’ਚ ਸੋਗ ਦੀ ਲਹਿਰ ਫੈਲ ਗਈ।
ਪੁਲੀਸ ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਸਬ-ਇੰਸਪੈਕਟਰ ਗੁਰਬਿੰਦਰ ਸਿੰਘ ਪਹਿਲਵਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਸਵੇਰੇ ਕਰੀਬ 10 ਵਜੇ ਪਿੰਡ ਮਾਹਲਾ ਕਲਾਂ ’ਚ ਵਾਪਰਿਆ ਹੈ। ਪੁਲੀਸ ਮੁਤਾਬਕ ਮ੍ਰਿਤਕ ਨੌਜਵਾਨਾਂ ਦੀ ਪਛਾਣ ਦਲਜੀਤ ਸਿੰਘ ਤੇ ਰੂਪ ਸਿੰਘ ਵਜੋਂ ਹੋਈ ਹੈ ਜੋ ਨੇੜਲੇ ਪਿੰਡ ਹਰੀਏਵਾਲਾ ਦੇ ਰਹਿਣ ਵਾਲੇ ਸਨ। ਮ੍ਰਿਤਕ ਨੌਜਵਾਨ ਦਲਜੀਤ ਸਿੰਘ ਦੀ ਭੈਣ ਰਮਨਦੀਪ ਕੌਰ ਜੋ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਈ ਹੈ, ਦਾ ਆਇਲਜ਼ ਦਾ ਪੇਪਰ ਸੀ ਅਤੇ ਉਹ ਮੋਟਰਸਾਈਕਲ ਉੱਤੇ ਜਾ ਰਹੇ ਸਨ। ਪਿੰਡ ਮਾਹਲਾ ਕਲਾਂ ਕੋਲ ਸਾਹਮਣੇ ਤੋਂ ਆ ਰਹੀ ਸਵਿਫ਼ਟ ਕਾਰ ਚਾਲਕ ਨੇ ਲਾਪ੍ਰਵਾਹੀ ਨਾਲ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਉਹ ਜ਼ਖ਼ਮੀ ਲੜਕੀ ਰਮਨਦੀਪ ਕੌਰ ਦਾ ਬਿਆਨ ਦਰਜ ਕਰਕੇ ਕਾਰਵਾਈ ਕਰੇਗੀ।