ਪਰਮਜੀਤ ਸਿੰਘ
ਫਾਜ਼ਿਲਕਾ, 21 ਅਗਸਤ
ਫਾਜ਼ਿਲਕਾ ਅਧੀਨ ਥਾਣਾ ਅਮੀਰ ਖਾਸ ਦੀ ਪੁਲੀਸ ਪਾਰਟੀ ਵੱਲੋਂ ਟੌਲ ਪਲਾਜ਼ਾ ਕੋਲ ਨਾਕਾ ਲਗਾਇਆ ਹੋਇਆ ਸੀ ਕਿ ਦੋ ਕਾਰ ਸਵਾਰ ਰਾਹਗੀਰਾਂ ਦੀ ਚੈਕਿੰਗ ਦੌਰਾਨ ਮਾਮੂਲੀ ਗੱਲ ਤਕਰਾਰ ਵਿੱਚ ਬਦਲ ਗਈ ਤੇ ਪੁਲੀਸ ਨੇ ਕਾਰ ਸਵਾਰ ਮਾਮਾ-ਭਾਣਜਾ ਕੁੱਟ ਦਿੱਤੇ। ਦੋਵੇਂ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਦਾਖਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਅੱਧਾ ਘੰਟਾ ਦਸ ਪੁਲੀਸ ਮੁਲਾਜ਼ਮਾਂ ਨੇ ਕੁੱਟਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੱਡੀ ’ਤੇ ਆਪਣੇ ਪਿੰਡ ਤਰਪਾਲ ਕੀ ਤੋਂ ਆਪਣੇ ਰਿਸ਼ਤੇਦਾਰਾਂ ਤੇ ਜਾ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਕਾਰ ਦੀ ਡਿੱਗੀ ਚੈੱਕ ਕਰਾਉਣ ਲਈ ਕਿਹਾ। ਉਨ੍ਹਾਂ ਦੀ ਕਾਰ ਦੀ ਡਿੱਗੀ ਚੈੱਕ ਕਰ ਲਈ ਗਈ ਤਾਂ ਫਿਰ ਉਨ੍ਹਾਂ ਨੂੰ ਮਾਸਕ ਲਾਉਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੇ ਮਾਸਕ ਲਗਾ ਲਿਆ। ਦੂਜੇ ਪਾਸੇ ਗੱਡੀ ਵਿੱਚ ਉਸ ਦੇ ਮਾਮਾ ਹਰਭਗਵਾਨ ਸਿੰਘ ਬੈਠੇ ਸਨ ਅਤੇ ਉਨ੍ਹਾਂ ਨੂੰ ਜਬਰੀ ਬਾਹਰ ਨਿਕਲਣ ਲਈ ਕਿਹਾ ਗਿਆ ਅਤੇ ਉਹ ਬਾਹਰ ਨਿਕਲਣ ਹੀ ਵਾਲੇ ਸਨ ਕਿ ਥਾਣਾ ਮੁਖੀ ਨੇ ਉਨ੍ਹਾਂ ਦੇ ਕਥਿਤ ਥੱਪੜ ਮਾਰਿਆ ਤੇ ਬਾਕੀ ਪੁਲੀਸ ਮੁਲਜ਼ਮਾਂ ਨੇ ਵੀ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਅਮੀਰ ਖ਼ਾਸ ਥਾਣਾ ਦੇ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਐੱਸਪੀ (ਡੀ) ਅਤੇ ਡੀਐੱਸਪੀ ਜਲਾਲਾਬਾਦ ਨੂੰ ਸੌਂਪ ਦਿੱਤੀ ਹੈ।