ਤਿਰੂਵਨੰਤਪੁਰਮ: ਪੰਜਾਬ ਦੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਰਕਾਰ ਦੀ ਉੱਚ ਪੱਧਰੀ ਟੀਮ ਕੇਰਲਾ ਦੌਰੇ ’ਤੇ ਪੁੱਜ ਗਈ ਹੈ, ਜਿਸ ਨੇ ਕੇਰਲਾ ਸਰਕਾਰ ਦੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਕਾਰਪੋਰੇਸ਼ਨ ਬਾਰੇ ਜਾਣਕਾਰੀ ਹਾਸਲ ਕੀਤੀ। ਕੇਰਲਾ ਸਰਕਾਰ ਦੀ ਕਮਾਈ ਦਾ ਮੁੱਖ ਸਾਧਨ ਸ਼ਰਾਬ ’ਤੇ ਲਾਇਆ ਜਾਂਦਾ ਟੈਕਸ ਹੈ। ਸ੍ਰੀ ਚੀਮਾ ਨੇ ਕੱਲ੍ਹ ਕੇਰਲਾ ਦੇ ਆਬਕਾਰੀ ਮੰਤਰੀ ਐੱਮਬੀ ਰਾਜੇਸ਼ ਨਾਲ ਮੁਲਾਕਾਤ ਕੀਤੀ ਜਦਕਿ ਉਨ੍ਹਾਂ ਦੀ ਟੀਮ ਨੇ ਕੇਰਲਾ ਸਟੇਟ ਬੇਵਰੇਜਜ਼ ਕਾਰਪੋਰੇਸ਼ਨ ਲਿਮਟਿਡ (ਬੀਈਵੀਸੀਓ) ਦੇ ਮੁੱਖ ਦਫ਼ਤਰ ਸਮੇਤ ਕੰਪਨੀ ਦੇ ਰਿਟੇਲ ਆਊਟਲੈੱਟ ਅਤੇ ਵੇਅਰਹਾਊਸ ਦਾ ਦੌਰਾ ਕੀਤਾ। ਪੰਜਾਬ ਸਰਕਾਰ ਦੀ ਟੀਮ ਨੇ ਕੇਰਲਾ ਆਬਕਾਰੀ ਵਿਭਾਗ ਤੇ ਬੇਵਰੇਜਜ਼ ਲਿਮਟਿਡ ਦੇ ਅਧਿਕਾਰੀਆਂ ਨਾਲ ਵਿਸਥਾਰ ’ਚ ਗੱਲਬਾਤ ਕੀਤੀ। -ਪੀਟੀਆਈ