ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਗਸਤ
ਬੇਰੁਜ਼ਗਾਰਾਂ ਦੀਆਂ ਪੰਜ ਜਥੇਬੰਦੀਆਂ ’ਤੇ ਆਧਾਰਤ ‘ਬੇਰੁਜ਼ਗਾਰ ਸਾਂਝਾ ਮੋਰਚਾ’ ਦੀ ਅਗਵਾਈ ਹੇਠ ਸੈਂਕੜੇ ਬੇਰੁਜ਼ਗਾਰ ਅਧਿਆਪਕਾਂ ਨੇ ਨੌਕਰੀ ਦੀ ਮੰਗ ਲਈ ਅੱਜ ਫੇਰ ਮੁੱਖ ਮੰਤਰੀ ਨਿਵਾਸ ਨੇੜੇ ਦਸਤਕ ਦਿੱਤੀ। ਬਾਰਾਂਦਰੀ ਗਾਰਡਨ ਤੋਂ ਮਾਰਚ ਕਰਦਾ ਹੋਇਆ ਬੇਰੁਜ਼ਗਾਰਾਂ ਦਾ ਇਹ ਕਾਫਲਾ ਆਪਣੀ ਵਿੱਥਿਆ ਸੁਣਾਉਣ ਲਈ ਮਹਿਲ ਦੇ ਅੰਦਰ ਤੱਕ ਅੱਪੜਨ ਲਈ ਬਜ਼ਿੱਦ ਸੀ। ਅਜਿਹੇ ਤਹੱਈਏ ਵਜੋਂ ਜਦੋਂ ਇਹ ਬੇਰੁਜ਼ਗਾਰ ਨਾਕਾ ਤੋੜਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਬੇਰੁਜ਼ਗਾਰਾਂ ਤੇ ਪੁਲੀਸ ਦਰਮਿਆਨ ਧੱਕਾ-ਮੁੱਕੀ ਹੋਈ। ਰੋਹ ’ਚ ਆਏ ਬੇਰੁਜ਼ਗਾਰਾਂ ਵੱਲੋਂ ਬੈਰੀਕੇਡ ਤੋੜਨ ਲਈ ਹੱਲਾ ਬੋਲਣ ’ਤੇ ਪੁਲੀਸ ਨੇ ਮੁਜ਼ਾਹਰਾਕਾਰੀਆਂ ਦੀ ਖਿੱਚ-ਧੂਹ ਕੀਤੀ, ਜਿਸ ਦੌਰਾਨ ਕਈ ਬੇਰੁਜ਼ਗਾਰ ਫੱਟੜ ਹੋਏ ਤੇ ਕਈਆਂ ਦੇ ਕੱਪੜੇ ਫਟ ਗਏ।
ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਝੁਨੀਰ, ਹਰਬੰਸ ਸਿੰਘ ਤੇ ਸੁਖਦੇਵ ਜਲਾਲਾਬਾਦ ਨੇ ਕਿਹਾ ਕਿ ਅਧਿਆਪਕਾਂ ਅਤੇ ਹੋਰ ਵਰਗਾਂ ਦੀਆਂ ਅਸਾਮੀਆਂ ਭਰਨ ਦੀ ਮੰਗ ਤਹਿਤ ਮੁਨੀਸ਼ ਫ਼ਾਜ਼ਿਲਕਾ ਨਾਮ ਦਾ ਬੇਰੁਜ਼ਗਾਰ ਪੰਜ ਦਿਨਾਂ ਤੋਂ ਸੰਗਰੂਰ ਵਿੱਚ ਟੈਂਕੀ ’ਤੇ ਚੜ੍ਹਿਆ ਹੋਇਆ ਹੈ ਪਰ ਸਰਕਾਰ ’ਤੇ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਬੇਰੁਜ਼ਗਾਰ ਸਰਕਾਰ ਨੂੰ ਵਾਅਦੇ ਯਾਦ ਕਰਵਾਉਂਦੇ ਆ ਰਹੇ ਹਨ।
ਸੁਖਵਿੰਦਰ ਢਿੱਲਵਾਂ ਦਾ ਕਹਿਣਾ ਸੀ ਕਿ ਅੱਜ ਪੁਲੀਸ ਨੇ ਭਾਵੇਂ ਲਾਠੀਚਾਰਜ ਨਹੀਂ ਕੀਤਾ, ਪਰ ਖਿੱਚ-ਧੂਹ ਦੌਰਾਨ ਕਈ ਨੌਜਵਾਨਾਂ ਦੇ ਗੋਡੇ-ਗਿੱਟੇ ਛਿੱਲਣ ਸਮੇਤ ਕਈਆਂ ਦੇ ਕੱਪੜੇ ਫਟ ਗਏ ਹਨ ਤੇ ਹਰੇਕ ਵਾਰ ਵਾਂਗ ਇਸ ਵਾਰ ਵੀ ਇੱਥੇ ਰੁਜ਼ਗਾਰ ਮੰਗਣ ਲਈ ਆਏ ਬੇਰੁਜ਼ਗਾਰਾਂ ਨਾਲ ਨਾਇਨਸਾਫ਼ੀ ਹੋਈ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਅੱਠ ਮਹੀਨਿਆਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਮੁੱਖ ਗੇਟ ’ਤੇ ਪੱਕਾ ਮੋਰਚਾ ਚੱਲ ਰਿਹਾ ਹੈ ਪਰ ਮੰਤਰੀ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਕੋਠੀ ’ਚ ਜਾਣਾ ਹੀ ਛੱਡ ਦਿੱਤਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ’ਚ ਅਮਨ ਸੇਖਾ, ਸਵਰਨ, ਜਸਪਾਲ , ਪਵਨ ਜਲਾਲਾਬਾਦ, ਲਫ਼ਜ਼, ਬਲਕਾਰ ਸਿੰਘ, ਬਲਰਾਜ ਸਿੰਘ, ਜੱਗੀ ਜੋਧਪੁਰ, ਕੁਲਵੰਤ ਸਿੰਘ, ਗਗਨਦੀਪ ਗਰੇਵਾਲ, ਕੁਲਦੀਪ ਭੁਟਾਲ, ਨਰਿੰਦਰ ਕੰਬੋਜ, ਪ੍ਰਤਿੰਦਰ ਕੌਰ, ਅਲਕਾ ਰਾਣੀ, ਗੁਰਪ੍ਰੀਤ ਸਰਾਂ, ਗੁਰਪ੍ਰੀਤ ਰਾਮਪੁਰਾਫੂਲ, ਹਰਦੀਪ ਕੌਰ, ਸੰਦੀਪ ਨਾਭਾ, ਰਣਵੀਰ ਨਦਾਮਪੁਰ, ਸੁਖਵੀਰ ਦੁਗਾਲ, ਸਰਵਰਿੰਦਰ ਮੱਤਾ, ਗੁਰਪ੍ਰੀਤ ਖੰਨਾ, ਜਤਿੰਦਰ ਢਿੱਲੋਂ ਤੇ ਸਿਮਰਜੀਤ ਕੌਰ ਵੀ ਮੌਜੂਦ ਸਨ।
ਪੁਲੀਸ ਬਲ ਦੀ ਅਗਵਾਈ ਕਰ ਰਹੇ ਐੱਸਪੀ ਵਰੁਣ ਸ਼ਰਮਾ ਨੇ ਬੇਰੁਜ਼ਗਾਰਾਂ ਦੀ 30 ਅਗਸਤ ਲਈ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਵਿੱਚ ਮੀਟਿੰਗ ਮੁਕੱਰਰ ਕਰਵਾ ਕੇ ਬੇਰੁਜ਼ਗਾਰਾਂ ਨੂੰ ਸ਼ਾਂਤ ਕੀਤਾ।