ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਅਕਤੂਬਰ
ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਦੋ ਆਗੂ ਅੱਜ ਸਵੇਰੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਹ ਅਧਿਆਪਕ ਪਿਛਲੇ ਇੱਕ ਹਫ਼ਤੇ ਤੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮਰਨ ਵਰਤ ’ਤੇ ਬੈਠੇ ਹਨ। ਟੈਂਕੀ ’ਤੇ ਚੜ੍ਹਨ ਵਾਲਿਆਂ ਵਿੱਚ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਣੇ ਦੋ ਬੇਰੁਜ਼ਗਾਰ ਅਧਿਆਪਕ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਟੈਂਕੀ ’ਤੇ ਵੀ ਮਰਨ ਵਰਤ ਜਾਰੀ ਰੱਖਣਗੇ।
ਟੈਂਕੀ ਉਪਰ ਚੜ੍ਹੇ ਸੁਰਿੰਦਰਪਾਲ ਗੁਰਦਾਸਪੁਰ ਨੇ ਦੋਸ਼ ਲਾਇਆ ਕਿ ਉਹ ਸੱਤ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ, ਪਰ ਸੰਗਰੂਰ ਪ੍ਰਸ਼ਾਸਨ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ, ਜਿਸ ਕਾਰਨ ਮਜਬੂਰੀ ਵਸ ਅੱਜ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਦਾ ਦਾਅਵਾ ਹੈ ਕਿ ਸਰਕਾਰ ਦੀ ਈਟੀਟੀ 2364 ਅਧਿਆਪਕਾਂ ਦੀ ਅਦਾਲਤੀ ਕੇਸ ਪ੍ਰਤੀ ਨੀਅਤ ਸਾਫ਼ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਨੀਅਤ ਸਾਫ਼ ਹੈ ਤਾਂ ਫ਼ਿਰ ਅਦਾਲਤ ਵਿੱਚ ਸਰਕਾਰ ਭਰਤੀ ਮੁਕੰਮਲ ਕਰਾਉਣ ਲਈ ਹਲਫ਼ਨਾਮਾ ਦਾਇਰ ਕਿਉਂ ਨਹੀਂ ਕਰ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇੱਕ-ਦੋ ਦਿਨਾਂ ਵਿੱਚ ਹਲਫ਼ਨਾਮਾ ਦਾਇਰ ਨਾ ਕੀਤਾ ਤਾਂ ਸਰਕਾਰ ਖ਼ਿਲਾਫ ਤਿੱਖਾ ਐਕਸ਼ਨ ਕੀਤਾ ਜਾਵੇਗਾ ਤੇ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
ਇਸ ਦੌਰਾਨ ਸਾਥੀ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਟੈਂਕੀ ਹੇਠਾਂ ਲਾਇਆ ਧਰਨਾ ਜਾਰੀ ਰੱਖਿਆ ਗਿਆ।
ਠੇਕਾ ਮੁਲਾਜ਼ਮਾਂ ਨੇ ਤੀਜੇ ਦਿਨ ਵੀ ਠੱਪ ਰੱਖੀ ਆਵਾਜਾਈ
ਧੂਰੀ (ਪਵਨ ਕੁਮਾਰ ਵਰਮਾ/ਹਰਦੀਪ ਸਿੰਘ ਸੋਢੀ): ਸਰਕਾਰੀ ਵਿਭਾਗਾਂ ਦੇ ਆਊਟਸੋਰਸ ਅਤੇ ਐਨਾਲਿਸਟਮੈਂਟ ਠੇਕਾ ਅਧਾਰਿਤ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਸਮੇਤ ਹੋਰ ਮੰਗਾਂ-ਮਸਲਿਆਂ ਦਾ ਹੱਲ ਕਰਵਾਉਣ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਅਗਵਾਈ ਹੇਠ ਕੱਚੇ ਮੁਲਾਜ਼ਮਾਂ ਵੱਲੋਂ ਧੂਰੀ ’ਚ ਬੱਬਨਪੁਰ ਨਹਿਰ ਦੇ ਪੁਲ ਕੋਲ ਆਰੰਭੇ ਧਰਨੇ ਦੇ ਅੱਜ ਤੀਜੇ ਦਿਨ ਲੁਧਿਆਣਾ-ਧੂਰੀ ਮਾਰਗ ’ਤੇ ਆਵਾਜਾਈ ਰੋਕੀ ਗਈ। ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ। ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਈ-ਕਈ ਸਾਲਾਂ ਤੋਂ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾਅ ਰਹੇ ਆਊਟਸੋਰਸ ਅਤੇ ਐਨਾਲਿਸਟਮੈਂਟ ਠੇਕਾ ਮੁਲਾਜ਼ਮ ਹਰ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਆਏ ਹਨ, ਪਰ ਸਰਕਾਰਾਂ ਸਦਾ ਹੀ ਇਨ੍ਹਾਂ ਨੂੰ ਪੱਕੇ ਕਰਨ ਤੋਂ ਭੱਜਦੀਆਂ ਰਹੀਆਂ ਹਨ। ਇਸ ਦੇ ਉਲਟ ਹਰੇਕ ਅਦਾਰੇ ਵਿੱਚ ਨਿੱਜੀਕਰਨ/ ਪੰਚਾਇਤੀਕਰਨ ਕੀਤਾ ਜਾ ਰਿਹਾ ਹੈ। ਅੱਜ ਰਾਜ ਮਾਰਗ ਨੂੰ ਜਾਮ ਕਰਨ ਲਈ ਪਹੁੰਚੇ ਵੱਡੀ ਗਿਣਤੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਕੱਠ ਮਗਰੋਂ ਮੁੱਖ ਮੰਤਰੀ ਪੰਜਾਬ ਵੱਲੋਂ 28 ਅਕਤੂਬਰ ਨੂੰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਲਈ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਇਸ ਮਗਰੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਇਹ ਧਰਨਾ ਇੱਕ ਵਾਰ 28 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅੰਤ ਵਿੱਚ ਆਗੂਆਂ ਨੇ ਇਲਾਕੇ ਦੇ ਲੋਕਾਂ, ਘੋਲ ’ਚ ਸ਼ਮੂਲੀਅਤ ਕਰਨ ਵਾਲੇ ਠੇਕਾ ਮੁਲਾਜ਼ਮਾਂ, ਪਰਿਵਾਰਾਂ, ਭਰਾਤਰੀ ਜਥੇਬੰਦੀਆਂ ਤੇ ਮੀਡੀਆਂ ਕਵਰੇਜ ਕਰਨ ਵਾਲੇ ਤਮਾਮ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਭਵਿੱਖ ਦੇ ਸੰਘਰਸ਼ ਦੀ ਤਿਆਰੀ ਲਈ ਠੇਕਾ ਮੁਲਾਜ਼ਮਾਂ ਨੂੰ ਇਕਜੁੱਟ ਰਹਿਣ ਦਾ ਸੱਦਾ ਵੀ ਦਿੱਤਾ ਗਿਆ। ਮੁੱਖ ਮੰਤਰੀ ਪੰਜਾਬ ਦੇ ਨਾਲ ਤੈਅ ਹੋਈ ਪੈਨਲ ਮੀਟਿੰਗ ’ਚ ਆਊਟਸੋਰਸ/ਐਨਾਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਸਬੰਧਤ ਵਿਭਾਗਾਂ ਵਿੱਚ ਮਰਜ ਕਰਕੇ ਰੈਗੂਲਰ ਕਰਨ, ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ, ਨਿੱਜੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਤੇ ਧਨਾਢ ਠੇਕੇਦਾਰਾਂ ਨੂੰ ਸਰਕਾਰੀ ਵਿਭਾਗਾਂ ’ਚੋਂ ਬਾਹਰ ਕੱਢ ਕੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਆਦਿ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ।