ਰਵੇਲ ਸਿੰਘ ਭਿੰਡਰ
ਪਟਿਆਲਾ, 1 ਦਸੰਬਰ
ਬੇਰੁਜ਼ਗਾਰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਬਾਗ਼ ਪੈਲੇਸ’ ਵੱਲ ਰੋਸ ਮਾਰਚ ਕੀਤਾ। ਇਸ ਦੌਰਾਨ ਪੁਲੀਸ ਨੇ ਨਿਊ ਮੋਤੀ ਬਾਗ਼ ਪੈਲੇਸ ਦੀ ਚੁਫ਼ੇਰਿਓਂ ਬੈਰੀਕੇਡਿੰਗ ਕੀਤੀ ਹੋਈ ਸੀ। ਇਸ ਦੇ ਬਾਵਜੂਦ ਬੇਰੁਜ਼ਗਾਰ ਕਾਰਕੁਨ ਪੈਲੇਸ ਨੇੜੇ ਵਾਈਪੀਐੱਸ ਚੌਕ ਤਕ ਅੱਪੜਨ ’ਚ ਸਫ਼ਲ ਰਹੇ। ਇਸ ਦੌਰਾਨ ਸਿਵਲ ਵਰਦੀ ’ਚ ਤਾਇਨਾਤ ਇੱਕ ਕਰਮਚਾਰੀ ਵੱਲੋਂ ਇੱਕ ਬੇਰੁਜ਼ਗਾਰ ਸੰਘਰਸ਼ੀ ਮਹਿਲਾ ਅਧਿਆਪਕ ਨਾਲ ਗਾਲੀ-ਗਲੋਚ ਕਰਨ ਮਗਰੋਂ ਮਾਹੌਲ ਤਣਾਅਪੂਰਨ ਬਣ ਗਿਆ। ਅਖ਼ੀਰ ਪ੍ਰਸ਼ਾਸਨ ਵੱਲੋਂ 3 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੈਨਲ ਬੈਠਕ ਤੈਅ ਕਰਨ ਮਗਰੋਂ ਸੰਘਰਸ਼ੀ ਬੇਰੁਜ਼ਗਾਰ ਸ਼ਾਂਤ ਹੋਏ।
ਬੇਰੁਜ਼ਗਾਰ ਸਾਂਝਾ ਅਧਿਆਪਕ ਮੋਰਚੇ ’ਚ ਸ਼ਾਮਲ ਵੱਖ-ਵੱਖ ਬੇਰੁਜ਼ਗਾਰ ਜਥੇਬੰਦੀਦਆਂ ਦੇ ਕਾਰਕੁਨ ਪਹਿਲਾਂ ਇੱਥੇ ਬਾਰਾਂਦਰੀ ਗਾਰਡਨ ਵਿੱਚ ਇਕੱਠੇ ਹੋਏ ਤੇ ਫਿਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ। ਉਨ੍ਹਾਂ ਪੈਲੇਸ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਰੋਕ ਲਿਆ। ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਬੇਰੁਜ਼ਗਾਰ ਡੀਪੀਈ (873) ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ, ਪੀਟੀਆਈ (646) ਯੂਨੀਅਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਨਾਭਾ, ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਪੰਜਾਬ ਸਰਕਾਰ ਨਿਗੂਣੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰ ਕੇ ਅਤੇ ਨਵੀਆਂ ਸ਼ਰਤਾਂ ਲਾਗੂ ਕਰ ਕੇ ਬੇਰੁਜ਼ਗਾਰ ਅਧਿਆਪਕਾਂ ਨਾਲ ਮਜ਼ਾਕ ਕਰ ਰਹੀ ਹੈ।
ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ 3 ਦਸੰਬਰ ਨੂੰ ਚੰਡੀਗੜ੍ਹ ’ਚ ਮੋਰਚੇ ਦੇ ਆਗੂਆਂ ਦੀ ਸਬ-ਕਮੇਟੀ ਨਾਲ ਮੀਟਿੰਗ ਤੈਅ ਕਰਵਾਈ। ਆਗੂਆਂ ਨੇ ਆਖਿਆ ਕਿ ਜੇ 3 ਦਸੰਬਰ ਨੂੰ ਮੀਟਿੰਗ ’ਚ ਉਨ੍ਹਾਂ ਦੀਆਂ ਮੰਗਾਂ ਸਬੰਧੀ ਨਬਿੇੜਾ ਨਾ ਹੋਇਆ ਤਾਂ 11 ਦਸੰਬਰ ਨੂੰ ਮੁੜ ਮੁੱਖ ਮੰਤਰੀ ਦੀ ਰਿਹਾਇਸ਼ ਘੇਰੀ ਜਾਵੇਗੀ।