ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਨਵੰਬਰ
ਬੇਰੁਜ਼ਗਾਰ ਅਪ੍ਰੈਂਟਸ਼ਿਪ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਅਪ੍ਰੈਂਟਸ਼ਿਪ ਕਰ ਚੁੱਕੇ ਬੇਰੁਜ਼ਗਾਰ ਨੌਜਵਾਨਾਂ ਨੇ ਲਾਈਨਮੈਨ ਦੀਆਂ ਨੌਕਰੀਆਂ ਲਈ ਯੂਨੀਅਨ ਦੇ ਸੂਬਾ ਪ੍ਰਧਾਨ ਕੰਵਲਦੀਪ ਸਿੰਘ ਸਮਾਣਾ ਦੀ ਅਗਵਾਈ ’ਚ ਅੱੱਜ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਮੂਹਰੇ ਧਰਨਾ ਦਿੱਤਾ। ਇਸ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨੇ ਐਲਾਨ ਕੀਤਾ ਕਿ ਉਹ ਨਿਯੁਕਤੀ ਪੱਤਰ ਲਏ ਬਗੈਰ ਵਾਪਸ ਨਹੀਂ ਜਾਣਗੇ। ਇਨ੍ਹਾਂ ਬੇਰੁਜ਼ਗਾਰਾਂ ਦੀ ਪੰਜਾਬ ਭਰ ’ਚ ਗਿਣਤੀ ਦੋ ਹਜ਼ਾਰ ਤੋਂ ਵੀ ਵੱਧ ਹੈ। ਪਿਛਲੇ ਸਮੇਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਤੇ ਸੀਐੱਮਡੀ ਬਲਦੇਵ ਸਿੰਘ ਸਰਾਂ ਆਦਿ ਨਾਲ ਹੁੰਦੀਆਂ ਰਹੀਆਂ ਮੀਟਿੰਗਾਂ ਦੌਰਾਨ ਇਨ੍ਹਾਂ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦੇ ਭਰੋਸੇ ਮਿਲਦੇ ਰਹੇ ਹਨ। ਜ਼ਿਮਨੀ ਚੋਣਾਂ ਦੇ ਹਵਾਲੇ ਨਾਲ ਅਧਿਕਾਰੀਆਂ ਨੇ ਅਜੇ ਕੋਈ ਵੀ ਦਸਤਾਵੇਜ਼ੀ ਕਾਰਵਾਈ ਨਾ ਕਰ ਸਕਣ ਦੇ ਹਵਾਲੇ ਨਾਲ ਇਹ ਧਰਨਾ ਸਮਾਪਤ ਕਰਨ ਲਈ ਪ੍ਰੇਰਿਆ। ਅਧਿਕਾਰੀਆਂ ਨੇ ਭਾਵੇਂ ਇਸ ਸਬੰਧੀ ਅਧਿਕਾਰਤ ਤੌਰ ’ਤੇ ਤਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਪਤਾ ਲੱਗਾ ਹੈ ਕਿ ਯੂਨੀਅਨ ਆਗੂਆਂ ਨੂੰ ਚੋਣਾਂ ਤੋਂ ਬਾਅਦ ਨਿਯੁਕਤੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਯੂਨੀਅਨ ਆਗੂ ਨਿਯੁਕਤੀ ਪੱਤਰ ਜਾਰੀ ਹੋਣ ਤੱਕ ਇੱਥੇ ਹੀ ਡਟੇ ਰਹਿਣ ਲਈ ਬਜ਼ਿੱਦ ਹਨ। ਧਰਨਾ ਪਾਵਰਕੌਮ ਦਫ਼ਤਰ ਦੇ ਸਾਹਮਣੇ ਮਾਲ ਰੋਡ ’ਤੇ ਲੱਗਿਆ ਹੋਇਆ ਹੈ ਜਿਸ ਦਾ ਇੱਕ ਪਾਸਾ ਦਿਨ ਭਰ ਬੰਦ ਰਿਹਾ। ਇਸ ਦੌਰਾਨ ਕੁਝ ਬਾਜ਼ਾਰਾਂ ’ਚ ਵੀ ਟਰੈਫਿਕ ਦੀ ਸਮੱਸਿਆ ਬਣੀ ਰਹੀ। ਧਰਨੇ ਕਾਰਨ ਪਾਵਰਕੌਮ ਦਫ਼ਤਰ ਨੇੜੇ ਡੀਐੱਸਪੀ ਸਤਿਨਾਮ ਸਿੰਘ ਦੀ ਅਗਵਾਈ ਹੇਠਾਂ ਭਾਰੀ ਪੁਲੀਸ ਫੋਰਸ ਵੀ ਤਾਇਨਾਤ ਹੈ। ਪਤਾ ਲੱਗਾ ਹੈ ਕਿ 6 ਨਵੰਬਰ ਨੂੰ ਅਧਿਕਾਰੀ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਨਗੇ।