ਦਵਿੰਦਰ ਪਾਲ/ ਮਨਧੀਰ ਦਿਓਲ
ਚੰਡੀਗੜ੍ਹ/ ਨਵੀਂ ਦਿੱਲੀ, 27 ਨਵੰਬਰ
ਦਿੱਲੀ ਦੇ ਬਾਰਡਰ ਤੋਂ ਕਿਸਾਨ ਦਾਖਲ ਹੋਣ ਲੱਗ ਪਏ ਹਨ ਤੇ ਉਨ੍ਹਾਂ ਨੂੰ ਬਰਾੜੀ ਨਿਰੰਕਾਰੀ ਮੈਦਾਨ, ਜੋ ਦਿੱਲੀ ਹੱਦ ਨੇੜੇ ਪੈਂਦਾ ਹੈ, ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਤੇ ਪੰਜਾਬ ਸਮੇਤ ਹੋਰਨਾਂ ਰਾਜਾਂ ਤੋਂ ਕਾਫਲਿਆਂ ਦੇ ਰੂਪ ‘ਚ ਕੌਮੀ ਰਾਜਧਾਨੀ ਦਿੱਲੀ ਦੀਆਂ ਜੜ੍ਹਾਂ ‘ਚ ਪਹੁੰਚੇ ਕਿਸਾਨਾਂ ਨੇ ਦਿੱਲੀ ਦਰਬਾਰ ਹਿਲਾ ਦਿੱਤਾ ਹੈ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਸਾਨਾਂ ਨੂੰ ਸੰਦੇਸ਼ ਭੇਜਿਆ ਕਿ ਸਰਕਾਰ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਨਾਕਾਬੰਦੀ ਖੋਲ੍ਹਣ ਲਈ ਤਿਆਰ ਹੈ ਤੇ ਕਿਸਾਨਾਂ ਨੂੰ ਰੈਲੀ ਕਰਨ ਖ਼ਾਤਰ ਨਵੀ ਦਿੱਲੀ ਦਾ ਇਕ ਮੈਦਾਨ ਦੇ ਦਿੱਤਾ ਜਾਵੇਗਾ। ਇਹ ਵੀ ਚਰਚਾ ਛਿੜ ਗਈ ਹੈ ਕਿ ਕੇਂਦਰ ਦੀ ਇਹ ਇੱਕ ਚਾਲ ਹੋ ਸਕਦੀ ਕਿਉਂਕਿ ਇਸ ਨਾਲ ਦਿੱਲੀ ਦੀ ਘੇਰਾਬੰਦੀ ਖਤਮ ਹੋ ਜਾਵੇਗੀ ਤੇ ਕਿਸਾਨ ਇਕ ਥਾਂ ਇਕੱਠੇ ਹੋ ਜਾਣਗੇ। ਪੁਲੀਸ ਫੋਰਸ ਵੀ ਇਕ ਥਾਂ ਕੇਂਦਰਤ ਹੋ ਜਾਵੇਗੀ ਤੇ ਫਿਰ ਕਿਸੇ ਅਦਾਲਤ ਤੋਂ ਹੁਕਮ ਲੈਕੇ ਕਿਸਾਨਾਂ ਨੂੰ ਖਿੰਡਾਉਣਾ ਸੌਖਾ ਹੋ ਜਾਵੇਗਾ।