ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਅਪਰੈਲ
ਮੋਦੀ ਸਰਕਾਰ ਕੁਝ ਪੂੰਜੀਪਤੀ ਪਰਿਵਾਰਾਂ ਦੀ ਚਿੰਤਾ ਛੱਡ ਕੇ ਪੂਰੇ ਭਾਰਤ ਦੇ ਆਵਾਮ ਦੀ ਚਿੰਤਾ ਕਰੇ। ਅੱਜ ਲੇਹਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪਟਰੋਲ ਪੰਪ ’ਤੇ ਲਗਾਤਾਰ ਚੱਲ ਰਹੇ ਧਰਨੇ ਦੇ 208ਵੇਂ ਦਿਨ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਖ-ਵੱਖ ਆਗੂਆਂ ਨੇ ਇਹ ਪ੍ਰਗਟਾਵਾ ਕੀਤਾ। ਧਰਨੇ ਨੂੰ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ , ਹਰਜਿੰਦਰ ਸਿੰਘ ਨੰਗਲਾ, ਰਾਮਚੰਦ ਸਿੰਘ ਚੋਟੀਆਂ, ਕਰਨੈਲ ਗਨੋਟਾ, ਕਰਮਜੀਤ ਕੌਰ ਭੁਟਾਲ, ਜਸਵੀਰ ਕੌਰ ਲੇਹਲ , ਬਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਕਿਸਾਨ ਨਹੀਂ ਤਾਂ ਜਹਾਨ ਨਹੀਂ ਹੈ। ਕੇਂਦਰ ਦੀ ਮੋਦੀ ਸਰਕਾਰ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਕੇ ਅਤੇ ਐਮ. ਐਸ. ਪੀ. ਦੀ ਲਿਖਤ ਗਰੰਟੀ ਵਾਲਾ ਕਾਨੂੰਨ ਬਣਾ ਕੇ ਦਿੱਲੀ ਦੇ ਬਾਰਡਰਾਂ ਉੱਪਰ ਪਿਛਲੇ 5 ਮਹੀਨਿਆਂ ਤੋਂ ਬੈਠੇ ਕਿਸਾਨਾਂ ਨੂੰ ਮੋਰਚਾ ਸਮਾਪਤ ਕਰਵਾ ਕੇ ਭਾਰਤ ਦੇਸ਼ ਨੂੰ ਤਰਾਸਦੀ ਤੋਂ ਬਚਾਵੇ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਦੀ ਵਾਪਸੀ ਤਕ ਸੰਘਰਸ਼ ਜਾਰੀ ਰਹੇਗਾ।