ਪੱਤਰ ਪ੍ਰੇਰਕ
ਅੰਮ੍ਰਿਤਸਰ, 8 ਅਗਸਤ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਾਰਟੀ ਦਾ ਉੱਚ ਪੱਧਰੀ ਵਫਦ ਜਲਦ ਹੀ ਨਵੀਂ ਦਿੱਲੀ ਜਾ ਕੇ ਮਿਲੇਗਾ ਤਾਂ ਜੋ ਮਹਾਨ ਸਿੱਖ ਸੰਸਥਾਵਾਂ ਬਾਦਲਾਂ ਤੋਂ ਆਜ਼ਾਦ ਕਰਵਾਈਆਂ ਜਾ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਸੰਸਦ, ਵਿਧਾਨ ਸਭਾਵਾਂ, ਨਗਰ ਨਿਗਮ, ਪੰਚਾਇਤਾਂ ਦੀਆਂ ਚੋਣਾਂ ਪੰਜ ਸਾਲ ਬਾਅਦ ਹੋ ਜਾਂਦੀਆਂ ਹਨ ਪਰ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੀ ਚੋਣ ਪਿਛਲੇ 70 ਸਾਲਾਂ ਵਿਚ ਕਦੇ ਸਮੇਂ ਸਿਰ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਇਕ ਦਫਤਰ ਵਜੋਂ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਕਹਿਣ ’ਤੇ ਕੇਂਦਰ ਸਰਕਾਰ ਸਮੇਂ ਸਿਰ ਚੋਣ ਨਹੀਂ ਕਰਵਾ ਰਹੀ।