ਰੂਪਨਗਰ/ਘਨੌਲੀ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 4 ਨੰਬਰ ਯੂਨਿਟ ਵਿੱਚ ਪਏ ਤਕਨੀਕੀ ਨੁਕਸ ਨੂੰ ਇੰਜਨੀਅਰਾਂ ਦੀ ਟੀਮ ਠੀਕ ਕਰ ਰਹੀ ਹੈ ਪਰ ਇਸ ਦੌਰਾਨ ਅੱਜ 5 ਨੰਬਰ ਯੂਨਿਟ ਵੀ ਬੁਆਇਲਰ ਲੀਕੇਜ ਕਾਰਨ ਬੰਦ ਹੋ ਗਿਆ। ਇਸੇ ਦੌਰਾਨ ਗੋਇੰਦਵਾਲ ਸਾਹਿਬ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ 2 ਨੰਬਰ ਯੂਨਿਟ ਅਤੇ ਰਣਜੀਤ ਸਾਗਰ ਡੈਮ ਦੇ ਦੋ ਯੂਨਿਟਾਂ ਦਾ ਬਿਜਲੀ ਉਤਪਾਦਨ ਵੀ ਅੱਜ ਠੱਪ ਹੋ ਗਿਆ, ਜਿਸ ਕਾਰਨ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੋਰ ਡੂੰਘਾ ਹੋ ਗਿਆ। ਪਾਵਰਕੌਮ ਦੇ ਲੋਡ ਡਿਸਪੈਚ ਕੇਂਦਰ ਅਨੁਸਾਰ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 3 ਨੰਬਰ ਯੂਨਿਟ ਵੱਲੋਂ 174 ਮੈਗਾਵਾਟ ਤੇ 6 ਨੰਬਰ ਯੂਨਿਟ ਵੱਲੋਂ 198 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਆਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਨੰਬਰ 1 ਦੇ 1 ਯੂਨਿਟ ਦੁਆਰਾ 32 ਮੈਗਾਵਾਟ ਅਤੇ ਪ੍ਰੋਜੈਕਟ ਨੰਬਰ 2 ਦੇ ਦੋਵੇਂ ਯੂਨਿਟਾਂ ਦੁਆਰਾ 55 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 1 ਨੰਬਰ ਯੂਨਿਟ ਦੁਆਰਾ 145 ਯੂਨਿਟ ਨੰਬਰ 3 ਦੁਆਰਾ 186 ਤੇ ਯੂਨਿਟ ਨੰਬਰ 4 ਦੁਆਰਾ 179 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ। ਰਣਜੀਤ ਸਾਗਰ ਡੈਮ ਦੇ ਪਣ ਬਿਜਲੀ ਘਰ ਦੇ ਯੂਨਿਟ ਨੰਬਰ 1 ਅਤੇ ਯੂਨਿਟ ਨੰਬਰ 4 ਦਾ ਬਿਜਲੀ ਉਤਪਾਦਨ ਅੱਜ ਠੱਪ ਹੋ ਗਿਆ ਤੇ ਯੂਨਿਟ ਨੰਬਰ 3 ਦੁਆਰਾ 122 ਮੈਗਾਵਾਟ, ਅਪਰ ਬਾਰੀ ਦੋਆਬ ਨਹਿਰ ਦੇ ਪਣ ਬਿਜਲੀ ਘਰਾਂ ਦੁਆਰਾ 85 ਮੈਗਾਵਾਟ, ਮੁਕੇਰੀਆਂ ਹਾਈਡਲ ਪ੍ਰਾਜੈਕਟ ਦੇ ਯੂਨਿਟਾਂ ਦੁਆਰਾ 201 ਮੈਗਾਵਾਟ, ਪਣ ਬਿਜਲੀ ਘਰ ਸ਼ਾਨਨ ਦੁਆਰਾ 90 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ ਰਾਜਪੁਰਾ ਥਰਮਲ ਪਲਾਂਟ ਦੇ 1400 ਮੈਗਾਵਾਟ ਸਮਰੱਥਾ ਵਾਲੇ ਦੋਵੇਂ ਯੁਨਿਟਾਂ ਦੁਆਰਾ 1018 ਮੈਗਾਵਾਟ, ਤਲਵੰਡੀ ਸਾਬੋ ਥਰਮਲ ਪਲਾਂਟ ਦੇ ਅੱਜ ਤਿੰਨੋਂ ਹੀ ਪਲਾਂਟ ਚਾਲੂ ਸਨ, ਜਿਨ੍ਹਾਂ ਦੁਆਰਾ 914 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਥਰਮਲ ਪਲਾਂਟ ਰੂਪਨਗਰ ਦੇ ਅਧਿਕਾਰੀਆਂ ਅਨੁਸਾਰ ਰੂਪਨਗਰ ਥਰਮਲ ਪਲਾਂਟ ਵਿਖੇ ਕੋਲੇ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਪਲਾਂਟ ਦੇ ਕੋਲਾ ਭੰਡਾਰ ਵਿੱਚ ਹੁਣ 14.5 ਦਿਨਾਂ ਦਾ ਕੋਲਾ ਜਮ੍ਹਾਂ ਹੋ ਚੁੱਕਾ ਹੈ।