ਪੱਤਰ ਪ੍ਰੇਰਕ
ਘਨੌਲੀ, 12 ਮਈ
ਤਕਨੀਕੀ ਨੁਕਸ ਦੂਰ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ 6 ਨੰਬਰ ਯੂਨਿਟ ਪ੍ਰਬੰਧਕਾਂ ਵੱਲੋਂ ਚਾਲੂ ਕਰ ਦਿੱਤਾ ਗਿਆ ਪਰ ਥੋੜ੍ਹੀ ਦੇਰ ਬਾਅਦ ਹੀ 3 ਨੰਬਰ ਯੂਨਿਟ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਇਸ ਯੂਨਿਟ ਨੂੰ ਬੰਦ ਕਰਨਾ ਪੈ ਗਿਆ। ਖ਼ਬਰ ਲਿਖੇ ਜਾਣ ਤੱਕ ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ 4 ਰਾਹੀਂ 152 ਮੈਗਾਵਾਟ, ਯੂਨਿਟ ਨੰਬਰ 5 ਤੋਂ 160 ਅਤੇ ਯੂਨਿਟ ਨੰਬਰ 6 ਤੋਂ 159 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਸੀ। ਕੁੱਲ 630 ਮੈਗਾਵਾਟ ਪੈਦਾਵਾਰ ਸਮਰੱਥਾ ਵਾਲੇ ਤਿੰਨੋਂ ਯੂਨਿਟ 472 ਮੈਗਾਵਾਟ ਬਿਜਲੀ ਦੀ ਪੈਦਾਵਾਰ ਕਰ ਰਹੇ ਸਨ। ਥਰਮਲ ਪਲਾਂਟ ਰੂਪਨਗਰ ਦੇ ਕੋਇਲਾ ਭੰਡਾਰ ਵਿੱਚ ਅੱਜ ਵੀ ਸਾਢੇ ਤਿੰਨ ਦਿਨਾਂ ਦੇ ਕੋਇਲੇ ਦਾ ਸਟਾਕ ਹੀ ਬਰਕਰਾਰ ਸੀ।