ਜਗਮੋਹਨ ਸਿੰਘ
ਘਨੌਲੀ, 18 ਮਈ
ਪੰਜਾਬ ਵਿੱਚ ਵਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ, ਜਿਸ ਦੇ ਮੱਦੇਨਜ਼ਰ ਸੂਬੇ ਭਰ ਦੇ ਥਰਮਲ ਪਲਾਂਟਾਂ ਦੇ ਬੰਦ ਪਏ ਯੂਨਿਟ ਵੀ ਭਖਣ ਲੱਗੇ ਹਨ। ਥਰਮਲ ਪਲਾਂਟ ਰੂਪਨਗਰ ਦੇ ਪ੍ਰਬੰਧਕਾਂ ਨੇ ਯੂਨਿਟ ਨੰਬਰ 3 ਨੂੰ ਅੱਜ ਸਵੇਰੇ 4.30 ਵਜੇ ਚਾਲੂ ਕਰ ਦਿੱਤਾ ਹੈ। ਇਸੇ ਤਰ੍ਹਾਂ ਇੰਜਨੀਅਰਾਂ ਦੀ ਟੀਮ ਖਰਾਬ ਹੋਏ ਯੂਨਿਟ ਨੰਬਰ 5 ਦੀ ਮੁਰੰਮਤ ਲਈ ਡਟੀ ਹੋਈ ਹੈ। ਮੁੱਖ ਇੰਜਨੀਅਰ ਰਵੀ ਕੁਮਾਰ ਵਧਵਾ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ ਕੋਲਾ ਭੰਡਾਰ ਵਿੱਚ ਹੁਣ 4.8 ਦਿਨਾਂ ਦਾ ਕੋਲਾ ਜਮ੍ਹਾਂ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕੋਲੇ ਦੇ ਦੋ ਰੈਕ ਪੁੱਜੇ ਸਨ ਅਤੇ ਅੱਜ ਚਾਰ ਰੈਕ ਹੋਰ ਆਏ ਹਨ। ਪਾਵਰਕੌਮ ਦੇ ਲੋਡ ਡਿਸਪੈਚ ਸੈਂਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਥਰਮਲ ਪਲਾਂਟ ਰੂਪਨਗਰ ਦੇ ਤਿੰਨ ਯੂਨਿਟਾਂ ਰਾਹੀਂ 584 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ। 250 ਮੈਗਾਵਾਟ ਸਮਰੱਥਾ ਵਾਲੇ ਸਰਕਾਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਯੂਨਿਟ ਨੰਬਰ 4 ਨੇ 232 ਮੈਗਾਵਾਟ ਬਿਜਲੀ ਪੈਦਾ ਕੀਤੀ। ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ ਰਾਜਪੁਰਾ ਦੇ ਯੂਨਿਟ ਨੰਬਰ ਇੱਕ ਰਾਹੀਂ 689 ਅਤੇ ਯੂਨਿਟ ਨੰਬਰ 2 ਰਾਹੀਂ 671 ਮੈਗਾਵਾਟ ਬਿਜਲੀ ਪੈਦਾ ਕੀਤੀ। ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ ਯੂਨਿਟ ਨੰਬਰ ਇੱਕ ਰਾਹੀਂ 534, ਯੂਨਿਟ ਨੰਬਰ 2 ਰਾਹੀਂ 580 ਤੇ ਯੂਨਿਟ ਨੰਬਰ 3 ਰਾਹੀਂ 503 ਦੇ ਹਿਸਾਬ ਨਾਲ ਕੁੱਲ 1597 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਸ ਤੋਂ ਇਲਾਵਾ ਗੋਇੰਦਵਾਲ ਦਾ ਯੂਨਿਟ ਨੰਬਰ 1 ਹਾਲੇ ਵੀ ਬੰਦ ਪਿਆ ਹੈ ਤੇ 270 ਮੈਗਾਵਾਟ ਸਮਰੱਥਾ ਵਾਲੇ ਯੂਨਿਟ ਨੰਬਰ 2 ਰਾਹੀਂ 228 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ।
ਨਹਿਰੀ ਪਾਣੀ ਦੀ ਘਾਟ ਕਾਰਨ ਰੂਪਨਗਰ ਜ਼ਿਲ੍ਹੇ ਦੇ ਦੋ ਹਾਈਡਰੋ ਪ੍ਰਾਜੈਕਟ ਬੰਦ
ਜ਼ਿਲ੍ਹਾ ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਨੰਬਰ 1 ਅਤੇ ਪ੍ਰਾਜੈਕਟ ਨੰਬਰ 2 ਦੇ 1 ਨੰਬਰ ਯੂਨਿਟ ਚੱਲ ਰਹੇ ਸਨ। ਇਸ ਪ੍ਰਾਜੈਕਟ ਦੇ ਡਿਪਟੀ ਚੀਫ ਇੰਜਨੀਅਰ ਐੱਸਕੇ ਬੈਂਸ ਨੇ ਦੱਸਿਆ ਕਿ ਦੋਵੇਂ ਪ੍ਰਾਜੈਕਟਾਂ ਦਾ ਇੱਕ-ਇੱਕ ਯੂਨਿਟ ਨਹਿਰ ਵਿੱਚ ਪਾਣੀ ਦੀ ਘਾਟ ਕਾਰਨ ਬੰਦ ਹੈ। ਇਸੇ ਤਰ੍ਹਾਂ 111 ਮੈਗਾਵਾਟ ਸਮਰੱਥਾ ਵਾਲੇ ਸਾਨਨ ਹਾਈਡਰੋ ਪ੍ਰਾਜੈਕਟ ਤੋਂ 77 ਮੈਗਾਵਾਟ ਅਤੇ 225 ਮੈਗਾਵਾਟ ਵਾਲੇ ਮੁਕੇਰੀਆਂ ਹਾਈਡਰੋ ਪ੍ਰਾਜੈਕਟ ਦੇ ਸਾਰੇ ਯੂਨਿਟਾਂ ਵੱਲੋਂ ਬਿਜਲੀ ਪੈਦਾਵਾਰ ਵਿੱਚ 124 ਮੈਗਾਵਾਟ ਦਾ ਯੋਗਦਾਨ ਪਾਇਆ ਗਿਆ। ਰਣਜੀਤ ਸਾਗਰ ਡੈਮ ਅਤੇ ਅੱਪਰ ਬਾਰੀ ਦੋਆਬ ਕੈਨਾਲ ਪ੍ਰਾਜੈਕਟਾਂ ਦੇ ਸਾਰੇ ਯੂਨਿਟ ਬੰਦ ਰਹੇ।