ਜੋਗਿੰਦਰ ਸਿੰਘ ਮਾਨ
ਮਾਨਸਾ, 22 ਜਨਵਰੀ
ਸੰਯੁਕਤ ਸਮਾਜ ਮੋਰਚੇ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ (ਰਿਜ਼ਰਵ) ਤੋਂ ਉਮੀਦਵਾਰ ਐਲਾਨੇ ਗਏ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਅੱਜ ਟਿਕਟ ਮੋੜ ਦਿੱਤੀ ਹੈ। ਉਨ੍ਹਾਂ ਹੁਣ ਸੀਪੀਆਈ (ਐੱਮਐੱਲ) ਲਬਿਰੇਸ਼ਨ ਵੱਲੋਂ ਉਸੇ ਹਲਕੇ ਤੋਂ ਹੀ ਚੋਣ ਲੜਨ ਦਾ ਐਲਾਨ ਕੀਤਾ ਹੈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤੇ ਲਬਿਰੇਸ਼ਨ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਸਿਰਫ਼ ਮੋਰਚਾ ਨਹੀਂ ਰਿਹਾ, ਸਗੋਂ ਇਹ ਇੱਕ ਵੱਡੇ ਧਨਾਢ ਕਿਸਾਨਾਂ ਦੀ ਸਿਆਸੀ ਪਾਰਟੀ ਬਣ ਚੁੱਕੀ ਹੈ ਤੇ ਉਹ ਇੱਕ ਕੌਮੀ ਪੱਧਰ ਦੀ ਇਨਕਲਾਬੀ ਕਮਿਊਨਿਸਟ ਪਾਰਟੀ ਸੀਪੀਆਈ (ਐੱਮਐੱਲ) ਲਬਿਰੇਸ਼ਨ, ਜੋ ਬਿਹਾਰ ਅੰਦਰ ਮਾਨਤਾ ਪ੍ਰਾਪਤ ਸੂਬਾ ਪੱਧਰੀ ਪਾਰਟੀ ਹੈ, ਦੇ ਸਰਗਰਮ ਮੈਂਬਰ ਵੀ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਦੀ ਸ਼ਰਤ ਹੈ ਕਿ ਆਪਣੀ ਪਾਰਟੀ ਦਾ ਝੰਡਾ ਨਿਸ਼ਾਨ ਛੱਡ ਕੇ ਉਨ੍ਹਾਂ ਦੇ ਚੋਣ ਨਿਸ਼ਾਨ ’ਤੇ ਹੀ ਚੋਣ ਲੜਨੀ ਚਾਹੀਦੀ ਹੈ। ਇਸ ਲਈ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਆਪਣੇ ਸਿਧਾਂਤ ਤੇ ਅਸੂਲਾਂ ’ਤੇ ਕਾਇਮ ਰਹਿੰਦਿਆਂ ਮਜ਼ਦੂਰ ਕਿਸਾਨਾਂ ਦੇ ਹੱਕ ਵਿੱਚ ਲੜੇ ਸੰਘਰਸ਼ ਦੀ ਤਰ੍ਹਾਂ ਇਸ ਸਿਆਸੀ ਮੈਦਾਨ ਵਿੱਚ ਵੀ ਆਪਣੇ ਪਾਰਟੀ ਦੇ ਝੰਡੇ ਹੇਠ ਹੀ ਇਹ ਜੰਗ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਆਪਣੇ ਅਸੂਲਾਂ ਤੋਂ ਪਾਸੇ ਹਟ ਕੇ ਟਿਕਟਾਂ ਦੀ ਜੋ ਵੰਡ ਕਰ ਰਿਹਾ ਹੈ, ਇਹ ਠੀਕ ਨਹੀਂ ਹੈ।