ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 26 ਦਸੰਬਰ
ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਨੇ ਅੱਜ ਇਥੇ ਗੱਲ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਦੀ ਜਥੇਬੰਦੀ ਹੇਠ ਲੋਕਾਂ ਦੇ ਹਿੱਤਾਂ ਲਈ ਚੋਣ ਲੜਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਨਾ ਤਾਂ ਰਾਜਸੀ ਮੋਰਚਾ ਹੈ, ਨਾ ਹੀ ਰਾਜਸੀ ਪਾਰਟੀ ਹੈ, ਇਹ ਕੇਵਲ ਨਿਰੋਲ ਚੋਣ ਫਰੰਟ ਹੈ। ਅਜਨਾਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਿੱਚ ਵੱਖ-ਵੱਖ ਵਿਚਾਰਾਂ ਦੀ ਪਹੁੰਚ ਰੱਖਣ ਵਾਲੇ ਕਿਸਾਨ ਇਹ ਚੋਣਾਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ, ਮਹਿੰਗਾਈ ਨੂੰ ਰੋਕਣ, ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਮੁਹੱਈਆ ਕਰਨ ਅਤੇ ਸ਼ਹਿਰ ਦੀ ਇੰਡਸਟਰੀ ਨੂੰ ਇੰਸਪੈਕਟਰੀ ਰਾਜ ਤੋਂ ਮੁਕਤ ਕਰਾਉਣ ਲਈ ਚੋਣ ਮੈਦਾਨ ਵਿੱਚ ਨਿਤਰੇ ਹਨ। ਉਨ੍ਹਾਂ ਕਿਹਾ ਕਿ ਦੂਜੀਆਂ ਰਾਜਸੀ ਪਾਰਟੀਆਂ ਦਾ ਇਹ ਕਹਿਣਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੇਵਲ ਰਾਜਸੀ ਹਿੱਤਾਂ ਲਈ ਚੋਣ ਲੜਣਾ ਮੁੱਖ ਮੰਤਵ ਹੈ, ਬਿਲਕੁਲ ਗਲਤ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਕੇਵਲ ਲੋਕ ਹਿੱਤਾਂ ਲਈ ਚੋਣ ਲੜਣ ਲਈ ਮੈਦਾਨ ਵਿੱਚ ਨਿਤਰੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ 2-3 ਦਿਨਾਂ ਵਿੱਚ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ।
ਅਜਨਾਲਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੀ ਲੋੜ ਹੈ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣਾ ਅਤੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਇਸ ਮੋਰਚੇ ਦਾ ਮੁੱਖ ਮੰਤਵ ਹੈ। ਉਨ੍ਹਾਂ ਸੰਯੁਕਤ ਸਮਾਜ ਮੋਰਚੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹਿੱਤਾਂ ਤੇ ਵਿਕਾਸ ਲਈ ਮੋਰਚੇ ਦਾ ਸਮਰਥਨ ਕਰਨ। ਅਜਨਾਲਾ ਨੇ ਇਹ ਵੀ ਕਿਹਾ ਕਿ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਬਾਕੀ ਕਿਸਾਨ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਨੂੰ ਸਹਿਯੋਗ ਨਹੀਂ ਦੇਣਗੀਆਂ, ਸਾਰੀਆਂ ਕਿਸਾਨ ਜਥੇਬੰਦੀਆਂ ਇਸ ਮੋਰਚੇ ਨਾਲ ਹਰ ਤਰ੍ਹਾਂ ਦਾ ਸਮਰਥਨ ਦੇਣ ਲਈ ਨਾਲ ਤੁਰਨਗੀਆਂ।