ਚੰਡੀਗੜ੍ਹ, 16 ਫਰਵਰੀ
ਮੁੱਖ ਅੰਸ਼
- ਚੋਣ ਰੈਲੀ ਵਿਚ ਮੁੱਖ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ’ਤੇ ਵਿਵਾਦ
- ‘ਆਪ’ ਆਗੂਆਂ ਵੱਲ ਸੇਧੇ ਨਿਸ਼ਾਨੇ ’ਤੇ ਮੁੱਖ ਮੰਤਰੀ ਦੀ ਆਲੋਚਨਾ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਚੋਣ ਰੈਲੀ ਵਿਚ ਕੀਤੀ ਟਿੱਪਣੀ ’ਤੇ ਵਿਵਾਦ ਹੋ ਗਿਆ ਹੈ। ਇਸ ਟਿੱਪਣੀ ਰਾਹੀਂ ਉਨ੍ਹਾਂ ‘ਆਪ’ ਆਗੂਆਂ ’ਤੇ ਨਿਸ਼ਾਨਾ ਸੇਧਣ ਦੀ ਕੋਸ਼ਿਸ਼ ਕੀਤੀ ਸੀ। ਚੰਨੀ ਨੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੀ ਹਾਜ਼ਰੀ ਵਿਚ ਰੂਪਨਗਰ ’ਚ ਲੋਕਾਂ ਨੂੰ ਕਿਹਾ ਕਿ ਯੂਪੀ, ਬਿਹਾਰ ਤੇ ਦਿੱਲੀ ਦੇ ‘ਭੱਈਆਂ’ ਨੂੰ ਪੰਜਾਬ ਵਿਚ ਦਾਖਲ ਨਾ ਹੋਣ ਦੇਣ। ਯੂਪੀ, ਬਿਹਾਰ ਦੇ ਲੋਕਾਂ ਲਈ ਇਹ ਸ਼ਬਦ ਵਰਤਣਾ ਅਪਮਾਨਜਨਕ ਮੰਨਿਆ ਜਾਂਦਾ ਹੈ। ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੈ ਜਿਸ ਵਿਚ ਮੁੱਖ ਮੰਤਰੀ ਚੰਨੀ ਪਿੱਛੇ ਬੈਠੀ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਮੁੱਖ ਮੰਤਰੀ ਵੱਲੋਂ ਇਹ ਟਿੱਪਣੀ ਕਰਨ ’ਤੇ ਤਾੜੀਆਂ ਮਾਰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਨੇ ਕਿਹਾ, ‘ਪ੍ਰਿਯੰਕਾ ਗਾਂਧੀ ਪੰਜਾਬ ਦੀ ਨੂੰਹ ਹੈ। ਅਸੀਂ ਯੂਪੀ, ਬਿਹਾਰ, ਦਿੱਲੀ ਦੇ ਭੱਈਆਂ ਨੂੰ ਜੋ ਇੱਥੇ ਰਾਜ ਕਰਨ ਆ ਗਏ ਹਨ, ਨੂੰ ਸੂਬੇ ਵਿਚ ਵੜਨ ਨਹੀਂ ਦਿਆਂਗੇ।’ ਆਮ ਆਦਮੀ ਪਾਰਟੀ ਨੇ ਚੰਨੀ ਦੀ ਆਲੋਚਨਾ ਕੀਤੀ ਹੈ। ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਨੀ ਦੀ ਟਿੱਪਣੀ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਚੰਨੀ ਨੇ ਪਹਿਲਾਂ ਉਨ੍ਹਾਂ ਦੇ ਰੰਗ ਉਤੇ ਵੀ ਵਿਅੰਗ ਕਸਿਆ ਸੀ ਤੇ ‘ਕਾਲਾ’ ਕਿਹਾ ਸੀ। ਜਦ ਭਗਵੰਤ ਮਾਨ ਨੇ ਕਿਹਾ ਕਿ ਪ੍ਰਿਯੰਕਾ ਵੀ ਯੂਪੀ ਨਾਲ ਸਬੰਧਤ ਹੈ ਤਾਂ ਕੇਜਰੀਵਾਲ ਨੇ ਕਿਹਾ ਕਿ ਉਹ ਵੀ ਫਿਰ ‘ਭੱਈਆ’ ਹੋਈ। ਭਾਜਪਾ ਆਗੂ ਤੇਜਸਵੀ ਸੂਰਿਆ ਨੇ ਚੰਨੀ ਦੀ ਇਹ ਵੀਡੀਓ ਟਵਿੱਟਰ ਉਤੇ ਸ਼ੇਅਰ ਕੀਤੀ ਹੈ। -ਪੀਟੀਆਈ
ਚੰਨੀ ਦੀ ‘ਭੱਈਆ’ ਟਿੱਪਣੀ ਤੋਂ ਨਿਤੀਸ਼ ਦੇ ਪ੍ਰਮੱਖ ਸਹਿਯੋਗੀ ਨਾਰਾਜ਼
ਪਟਨਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ‘ਭੱਈਆ’ (ਪਰਵਾਸੀਆਂ) ਸਬੰਧੀ ਵਿਵਾਦਿਤ ਟਿੱਪਣੀ ’ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਇਕ ਨੇੜਲੇ ਸਹਿਯੋਗੀ ਨੇ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਬਿਹਾਰ ਦੇ ਸੂਚਨਾ ਤੇ ਜਨ ਸੰਪਰਕ ਵਿਭਾਗ ਦੇ ਮੰਤਰੀ ਸੰਜੈ ਕੁਮਾਰ ਝਾਅ ਨੇ ਚੰਨੀ ਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੀ ਨਿਖੇਧੀ ਕਰਦੇ ਹੋਏ ਉਪਰੋਥੱਲੀ ਟਵੀਟ ਕੀਤੇ ਹਨ। ਚੰਨੀ ਤੇ ਵਾਡਰਾ ਇਕ ਛੋਟੀ ਵੀਡੀਓ ਕਲਿੱਪ ਵਿੱਚ ਇਕੱਠਿਆਂ ਨਜ਼ਰ ਆ ਰਹੇ ਹਨ। ਚੰਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਭੱਈਏ ਸੂਬੇ ਵਿੱਚ ਆ ਕੇ ਸ਼ਾਸਨ ਨਹੀਂ ਕਰ ਸਕਦੇ।’’ ਝਾਅ ਨੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਵਿੱਚ ਬਿਹਾਰ ਦੇ ਪਰਵਾਸੀਆਂ ਵੱਲੋਂ ਨਿਭਾਈ ਭੂਮਿਕਾ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਇਸ ਰਾਜ (ਬਿਹਾਰ) ਵਿੱਚ ਸਿੱਖਾਂ ਦੇ ਵੱਖ ਵੱਖ ਧਾਰਮਿਕ ਅਸਥਾਨ ਹਨ, ਜਿਨ੍ਹਾਂ ਵਿੱਚ ਤਖ਼ਤ ਪਟਨਾ ਸਾਹਿਬ ਵੀ ਸ਼ਾਮਲ ਹੈ। -ਪੀਟੀਆਈ