ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਜਨਵਰੀ
ਕਰੋਨਾਵਾਇਰਸ ਦੇ ਇਲਾਜ ਲਈ ਵੈਕਸੀਨ ਆਉਣ ਮਗਰੋਂ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਪਰ ਹਾਲੇ ਲੋਕਾਂ ਦੇ ਮਨ ਬੈਠੇ ਡਰ ਕਾਰਨ ਇਸ ਨੂੰ ਭਰਵਾਂ ਹੁੰਗਾਰਾ ਨਹੀਂ ਮਿਲ ਰਿਹਾ। ਅੱਜ ਟੀਕਾਕਰਨ ਦੇ ਦੂਜੇ ਦਿਨ 300 ਸਿਹਤ ਕਾਮਿਆਂ ਨੂੰ ਟੀਕਾ ਲਾਉਣ ਦੇ ਟੀਚੇ ’ਚੋਂ ਸਿਰਫ 120 ਨੂੰ ਹੀ ਟੀਕਾ ਲਾਇਆ ਗਿਆ ਹੈ।
ਜ਼ਿਲ੍ਹੇ ਵਿੱਚ ਹਰ ਰੋਜ਼ ਤਿੰਨ ਕੇਂਦਰਾਂ ’ਤੇ ਪ੍ਰਤੀ ਕੇਂਦਰ ਸੌ ਟੀਕਾ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਮੈਡੀਕਲ ਕਾਲਜ ਵਿੱਚ 60, ਸਿਵਲ ਹਸਪਤਾਲ ਵਿੱਚ 37 ਅਤੇ ਵੇਰਕਾ ਸਿਹਤ ਕੇਂਦਰ ਵਿੱਚ 23 ਵਿਅਕਤੀਆਂ ਨੂੰ ਟੀਕਾ ਲਾਇਆ ਗਿਆ। ਲੋਕਾਂ ਵਿੱਚ ਵੈਕਸੀਨ ਪ੍ਰਤੀ ਪੈਦਾ ਹੋਇਆ ਡਰ ਕੱਢਣ ਲਈ ਅੱਜ ਜ਼ਿਲ੍ਹਾ ਐਪੀਡੈਮੋਲੋਜਿਸਟ ਅਧਿਕਾਰੀ ਡਾ. ਮਦਨ ਮੋਹਨ ਨੇ ਵੀ ਟੀਕਾ ਲਗਵਾਇਆ। ਉਨ੍ਹਾਂ ਆਖਿਆ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।