ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਫਰਵਰੀ
ਮੁੱਖ ਸਕੱਤਰ ਪੰਜਾਬ ਵਿਨੀ ਮਹਾਜਨ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਲਈ ਟੀਕੇ ਦੀ ਪਹਿਲੀ ਖ਼ੁਰਾਕ ਲਗਵਾਉਣ ਵਾਸਤੇ 19 ਫਰਵਰੀ ਨੂੰ ਆਖ਼ਰੀ ਤਾਰੀਖ਼ ਮਿਥਣ ਨਾਲ ਹੀ ਵੱਡੀ ਗਿਣਤੀ ਵਿੱਚ ਕਰਮਚਾਰੀ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ। ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਇਸ ਮਹੀਨੇ ਦੀ 19 ਤਾਰੀਖ਼ ਤੱਕ ਹੀ ਮੁਹੱਈਆ ਕਰਵਾਈ ਜਾਵੇਗੀ। ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਕਈ ਸੀਨੀਅਰ ਪ੍ਰਸ਼ਾਸਕੀ ਅਤੇ ਸਿਹਤ ਅਧਿਕਾਰੀ ਟੀਕਾਕਰਨ ਕਰਵਾ ਰਹੇ ਹਨ। ਪੀਜੀਆਈ, ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਅਤੇ ਪੰਜਾਬ ਸਰਕਾਰ ਦੇ ਸਲਾਹਕਾਰ ਪ੍ਰੋ. ਕੇਕੇ ਤਲਵਾੜ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਹੁਸਨ ਲਾਲ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਡੀਕੇ ਤਿਵਾੜੀ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫ਼ਰੀਦਕੋਟ ਦੇ ਉਪ ਕੁਲਪਤੀ ਪ੍ਰੋ. ਰਾਜ ਬਹਾਦੁਰ ਆਦਿ ਤੋਂ ਇਲਾਵਾ 13 ਡਿਪਟੀ ਕਮਿਸ਼ਨਰਾਂ, 19 ਸੀਨੀਅਰ ਸੁਪਰਡੈਂਟ ਆਫ ਪੁਲੀਸ, 19 ਸਿਵਲ ਸਰਜਨਾਂ ਸਣੇ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਪ੍ਰਮੁੱਖ ਸੀਨੀਅਰ ਅਧਿਕਾਰੀਆਂ ਨੂੰ ਵੀ ਟੀਕਾ ਲਗਾਇਆ ਗਿਆ ਹੈ।
ਮੁੱਖ ਸਕੱਤਰ ਨੇ ਲਾਭਪਾਤਰੀਆਂ ਨੂੰ ਨਵੀਆਂ ਸੇਵਾਵਾਂ ਦੇ ਸਰਟੀਫਿਕੇਟ ਸੌਂਪੇ
ਚੰਡੀਗੜ੍ਹ: ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਪੰਜ ਨਾਗਰਿਕਾਂ ਨੂੰ ਨਵੀਆਂ ਸੇਵਾਵਾਂ ਦੇ ਸਰਟੀਫਿਕੇਟ ਸੌਂਪੇ। ਇਨ੍ਹਾਂ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਦੀ ਗਿਣਤੀ 271 ਤੋਂ ਵੱਧ ਕੇ 327 ਹੋ ਗਈ ਹੈ। ਉਨ੍ਹਾਂ ਆਪਣੇ ਦਫ਼ਤਰ ਵਿੱਚ ਪਹਿਲੇ ਪੰਜ ਲਾਭਪਾਤਰੀਆਂ, ਮੁਹਾਲੀ ਦੇ ਧਰਯਾ ਅਗਰਵਾਲ ਤੇ ਲੋਹਗੜ੍ਹ ਦੇ ਨੀਰਜ ਕੁਮਾਰ (ਦੋਵੇਂ ਲਰਨਿੰਗ ਲਾਇਸੈਂਸ), ਮਾਜਰੀ ਦੇ ਆਸ਼ੂ ਜਲਾਲ (ਰਿਹਾਇਸ਼ੀ ਪ੍ਰਮਾਣ-ਪੱਤਰ), ਖਰੜ ਦੇ ਇੰਦਰਪ੍ਰੀਤ ਸਿੰਘ ਅਤੇ ਮਾਜਰੀ ਦੇ ਰਮਨਦੀਪ ਰਾਠੌਰ (ਦੋਵੇਂ ਮੈਰਿਜ ਸਰਟੀਫਿਕੇਟ), ਨੂੰ ਸਰਟੀਫਿਕੇਟ ਸੌਂਪੇ ਹਨ।