ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 2 ਜੂਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਕਾਰਜਕਾਲ ’ਚ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵੇਂ ਵਾਈਸ ਚਾਂਸਲਰਾਂ ਦੇ ਕਾਰਜਕਾਲ ’ਚ ਦੋ-ਦੋ ਸਾਲ ਦਾ ਵਾਧਾ ਕੀਤਾ ਗਿਆ ਹੈ। ਦੋਵੇਂ ਵਾਈਸ ਚਾਂਸਲਰਾਂ ਦੇ ਕਾਰਜਕਾਲ ’ਚ ਵਾਧੇ ’ਤੇ ਲੰਘੇ ਹਫ਼ਤੇ ਉਚੇਰੀ ਸਿੱਖਿਆ ਮਹਿਕਮੇ ਵੱਲੋਂ ਸਹੀ ਪਾਈ ਗਈ ਸੀ, ਇਸ ਮਗਰੋਂ ਇਹ ਫਾਈਲ ਅਗਲੇਰੀ ਪ੍ਰਵਾਨਗੀ ਲਈ ਅੱਗੇ ਤੋਰ ਦਿੱਤੀ ਗਈ ਸੀ। ਉਂਜ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਰਜਿਸਟਰਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਕਾਰਜਕਾਲ ਦੇ ਵਾਧੇ ਬਾਰੇ ਕੋਈ ਅਧਿਕਾਰਤ ਪੱਤਰ ਨਹੀਂ ਪੁੱਜਿਆ।