ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਕਤੂਬਰ
ਵੇਰਕਾ ਨੇ ਆਪਣੇ ਖਪਤਕਾਰਾਂ ਨੂੰ ਤਕੜਾ ਝਟਕਾ ਦਿੰਦਿਆਂ ਦੁੱਧ ਦੀਆਂ ਕੀਮਤਾਂ ਨੂੰ ਪ੍ਰਤੀ ਲਿਟਰ ਦੋ ਰੁਪਏ ਵਧਾਇਆ ਹੈ। ਇਹ ਨਵੇਂ ਭਾਅ ਭਲਕੇ 16 ਅਕਤੂਬਰ ਤੋਂ ਲਾਗੂ ਹੋ ਗਏ ਹਨ। ਵੇਰਕਾ ਦੇ ਮਾਨਸਾ ਸਥਿਤ ਡੀਲਰ ਸ਼ਿਵ ਕੁਮਾਰ ਨੇ ਦੱਸਿਆ ਕਿ ਹੁਣ ਨਵੀਆਂ ਕੀਮਤਾਂ ਪ੍ਰਤੀ ਲਿਟਰ ਗੋਲਡ ਕੈਟਾਗਰੀ 6 ਫੀਸਦ ਦਾ ਨਵਾਂ ਮੁੱਲ 63 ਰੁਪਏ ਭਲਕੇ 16 ਅਕਤੁਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ। ਚਾਰ ਮਹੀਨਿਆਂ ਵਿਚ ਵੇਰਕਾ ਨੇ ਦੂਜੀ ਵਾਰ ਕੀਮਤਾਂ ਨੂੰ ਵਧਾਇਆ ਹੈ। ਵੇਰਕਾ ਦੇ ਬਠਿੰਡਾ ਪਲਾਂਟ ਸਥਿਤ ਉਚ ਅਧਿਕਾਰੀਆਂ ਨੇ ਦੱਸਿਆ ਕਿ ਬਜ਼ਾਰ ਵਿੱਚ ਪਸ਼ੂਆਂ ਦਾ ਹਰਾ ਚਾਰਾ, ਪਸ਼ੂ ਖੁਰਾਕ, ਤੂੜੀ ਦੇ ਭਾਅ ਉੱਚੇ ਚੜ੍ਹਨ ਕਾਰਨ ਕੀਮਤਾਂ ਨੂੰ ਵਧਾਉਣਾ ਪਿਆ।
ਨਵੀਂ ਦਿੱਲੀ:ਅਮੂਲ ਬ੍ਰਾਂਡ ਤਹਿਤ ਦੁੱਧ ਵੇਚਣ ਵਾਲੀ ਜੀਸੀਐੱਮਐੱਮਐੱਫ ਨੇ ਗੁਜਰਾਤ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ’ਚ ਅਮੂਲ ਗੋਲਡ ਅਤੇ ਮੱਝ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐੱਮਐੱਮਐਫ) ਦੇ ਪ੍ਰਬੰਧ ਨਿਰਦੇਸ਼ਕ ਆਰਐਸ ਸੋਢੀ ਨੇ ਦੱਸਿਆ, ‘ਫੈਟ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਅਮੂਲ ਗੋਲਡ ਅਤੇ ਮੱਝ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ।’ ਇਸ ਦੌਰਾਨ ਮਦਰ ਡੇਅਰੀ ਨੇ ਵੀ ਆਪਣੇ ਚੋਣਵੇਂ ਉਤਪਾਦਾਂ ਦਾ ਭਾਅ 2 ਰੁਪਏ ਪ੍ਰਤੀ ਲਿਟਰ ਵਧਾ ਦਿੱਤਾ ਹੈ।