ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਨਵੰਬਰ
ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਅੱਜ ਪਟਿਆਲਾ ਪੁੱਜੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੂੰ ਸੰਘਰਸ਼ੀਲ ਨਰਸਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਆਊਟਸੋਰਸ ਰਾਹੀਂ ਭਰਤੀ ਕੀਤੇ ਗਏ ਨਰਸਿੰਗ ਸਟਾਫ਼ ਵਿੱਚੋਂ ਕੁਝ ਮੁਲਾਜ਼ਮਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਕੁਝ ਦੀਆਂ ਤਨਖਾਹਾਂ ਰੋਕ ਦਿੱਤੀਆਂ ਗਈਆਂ ਹਨ। ਉਕਤ ਮੁਲਾਜ਼ਮਾਂ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਸਿਹਤ ਵਿਭਾਗ ਅਧੀਨ ਲਿਆਂ ਕੇ ਰੈਗੂਲਰ ਕਰਨ ਦੀ ਮੰਗ ਤਹਿਤ ਰਾਜਿੰਦਰਾ ਹਸਪਤਾਲ ਵਿੱਚ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਕਰੋਨਾ ਨਰਸਿੰਗ ਸੰਘਰਸ਼ ਕਮੇਟੀ ਦੀ ਪ੍ਰਧਾਨ ਗਗਨਦੀਪ ਕੌਰ ਦੀ ਅਗਵਾਈ ਹੇਠ ਅੱਜ ਇਕੱਤਰ ਹੋਈਆਂ ਇਨ੍ਹਾਂ ਨਰਸਾਂ ਨੇ ਮੰਤਰੀ ਦੀ ਆਮਦ ਤਹਿਤ ਗੇਟ ਬੰਦ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਿਸ ਕਰਕੇ ਮੰਤਰੀ ਹਸਪਤਾਲ ਦੇ ਅੰਦਰ ਦਾਖਲ ਨਾ ਹੋ ਸਕੇ ਤੇ 14.29 ਕਰੋੜ ਦੇ ਦੋ ਪ੍ਰਾਜੈਕਟਾਂ ਦਾ ਉਦਘਾਟਨ ਕੀਤੇ ਬਿਨਾ ਹੀ ਵਾਪਸ ਚਲੇ ਗਏ। ਇਸ ਮੌਕੇ ਕੁਝ ਨਰਸਾਂ ਨੇ ਬਹੁਮੰਜਲੀ ਕਾਰ ਪਾਰਕਿੰਗ ਦੇ ਸਿਖਰ ’ਤੇ ਚੜ੍ਹ ਕੇ ਵੀ ਨਾਅਰੇਬਾਜ਼ੀ ਕੀਤੀ। ਉਦਘਾਟਨ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਵਿੱਚ ਰਾਜਿੰਦਰਾ ਹਸਪਤਾਲ ਵਿੱਚ 2.7 ਕਰੋੜ ਨਾਲ ਬਣੀ ਅਤਿਆਧੁਨਿਕ ਕੈਥ ਲੈਬ ਤੇ 12.22 ਕਰੋੜ ਨਾਲ ਬਣੀ 350 ਕਾਰਾਂ ਦੀ ਸਮਰੱਥਾ ਵਾਲੀ ਬਹੁਮੰਜ਼ਲਾ ਆਧੁਨਿਕ ਕਾਰ ਪਾਰਕਿੰਗ ਸ਼ਾਮਲ ਹੈ। ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਵੱਲੋਂ 90 ਲੱਖ ਰੁਪਏ ਨਾਲ ਹਸਪਤਾਲ ਵਿੱਚ ਲਗਾਏ ਗਏ 1000 ਲਿਟਰ ਦੀ ਸਮਰੱਥਾ ਵਾਲੇ ਆਕਸੀਜਨ ਦੇ ਪੀਐੱਸਏ ਪਲਾਂਟ ਤੇ ਮੁੱਖ ਮੰਤਰੀ ਵੱਲੋਂ ਦਿੱਤੇ 35 ਲੱਖ ਨਾਲ ਬਣੇ 20 ਹਜ਼ਾਰ ਲਿਟਰ ਸਮਰੱਥਾ ਵਾਲੇ ਤਰਲ ਆਕਸੀਜਨ ਦਾ ਉਦਘਾਟਨ ਵੀ ਕੀਤਾ ਜਾਣਾ ਸੀ। ਇਸ ਮੌਕੇ ਮੰਤਰੀ ਰਾਜ ਕੁਮਾਰ ਵੇਰਕਾ ਨੇ ਸਰਕਾਰੀ ਸਕੂਲਾਂ ਅਤੇ ਮੈਰੀਟੋਰੀਅਸ ਸਕੂਲਾਂ ’ਚ ਪੜ੍ਹਦੇ, ਆਰਥਿਕ ਤੌਰ ’ਤੇ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਨੂੰ ਐੱਮਬੀਬੀਐੱਸ ਲਈ ਫੀਸ ’ਚ ਰਾਹਤ ਦੇਣ ਦੀ ਗੱਲ ਕਰਦਿਆਂ, ਇਹ ਮਾਮਲਾ ਕੈਬਨਿਟ ’ਚ ਰੱਖਣ ਦੀ ਗੱਲ ਆਖੀ ਹੈ।
ਡੈਂਟਲ ਕਾਲਜ ਦੇ ਬਲਾਕ ਅਤੇ ਆਡੀਟੋਰੀਅਮ ਦਾ ਉਦਘਾਟਨ
ਡਾ. ਵੇਰਕਾ ਨੇ ਹਸਪਤਾਲ ਦੇ ਸਾਹਮਣੇ ਸਥਿਤ ਗੌਰਮਿੰਟ ਮੈਡੀਕਲ ਕਾਲਜ ਵਿੱਚ ਇੰਸਟੀਚਿਊਟ ਬਿਲਡਿੰਗ ਤੇ ਡੈਂਟਲ ਕਾਲਜ ਵਿੱਚ ਬਲਾਕ-ਸੀ ਦੀ ਇਮਾਰਤ ਸਮੇਤ 184 ਸੀਟਾਂ ਵਾਲੇ ਆਡੀਟੋਰੀਅਮ ਅਤੇ ਸੀਬੀਸੀਟੀ ਮਸ਼ੀਨ ਦਾ ਉਦਘਾਟਨ ਕੀਤਾ ਸੀ। ਇਹ ਪ੍ਰਾਜੈਕਟ ਕਰੀਬ 35 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਏ ਹਨ। ਉਧਰ ਮੈਡੀਕਲ ਕਾਲਜ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਵੇਰਕਾ ਨੇ ਹਟਾਏ ਗਏ ਸਟਾਫ਼ ਦੀ ਜਲਦੀ ਬਹਾਲੀ ਦਾ ਭਰੋਸਾ ਦਿਵਾਉਂਦਿਆਂ, ਕਿਹਾ ਕਿ ਕਰੋਨਾ ਦੌਰਾਨ ਰੱਖੇ ਗਏ ਟੈਕਨੀਕਲ ਸਟਾਫ਼ ਦੀਆਂ ਸੇਵਾਵਾਂ ਜਾਰੀ ਰੱਖਣ ਲਈ ਕੇਸ ਦੀ ਫਾਈਲ ਵਿੱਤ ਵਿਭਾਗ ਕੋਲ ਭੇਜੀ ਗਈ ਹੈ।
ਅਮਰਿੰਦਰ ਨੂੰ ਨਿਹੰਗਾਂ ਦੇ ਬਾਟੇ ਵਾਗੂੰ ਮਾਂਜ ਦੇਣਗੇ ਲੋਕ: ਵੇਰਕਾ
ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਦੀ ਕਾਰਵਾਈ ’ਤੇ ਵਿਅੰਗ ਕਰਦਿਆਂ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਅੱਜ ਇਥੇ ਆਖਿਆ ਕਿ ਕੈਪਟਨ ਆਪਣੀ ਨਵੀਂ ਪਾਰਟੀ ਜ਼ਰੀਏ ਚੋਣਾਂ ਲੜਨ ਦੀ ਭੁੱਲ ਕਰ ਬੈਠੇ ਹਨ ਪਰ ਲੋਕ ਉਨ੍ਹਾਂ ਨੂੰ ‘ਨਿਹੰਗਾਂ ਦੇ ਬਾਟੇ ਵਾਂਗੂੰ ਮਾਂਜ ਦੇਣਗੇ।’ ਵੇਰਕਾ ਨੇ ਕਿਹਾ ਕਿ ਕੈਪਟਨ ਵੱਲੋਂ ਪਾਰਟੀ ਦੇ ਰੱਖੇ ਗਏ ਨਾਮ ‘ਪੰਜਾਬ ਲੋਕ ਕਾਂਗਰਸ’ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਕਾਂਗਰਸ ਤੋਂ ਬਿਨਾ ਕੈਪਟਨ ਦੀ ਗੱਡੀ ਨਹੀਂ ਰੁੜ੍ਹ ਸਕਦੀ ਤੇ ਕੈਪਟਨ ਜੋ ਵੀ ਹਨ, ਕਾਂਗਰਸ ਦੀ ਬਦੌਲਤ ਹੀ ਹਨ। ਵੇਰਕਾ ਦਾ ਤਰਕ ਸੀ ਕਿ ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ ਹੁੰਦਾ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਤੋਂ ਬਿਨਾ ਕੈਪਟਨ ਦਾ ਕੋਈ ਵਜੂਦ ਨਹੀਂ ਹੈ।